ਨਵੀਂ ਦਿੱਲੀ— ਨੋਟਬੰਦੀ ਦੇ ਤਕਰੀਬਨ ਦੋ ਸਾਲਾਂ ਬਾਅਦ ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਲੋਕਾਂ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਨੇ ਆਪਣੇ ਬੈਂਕ ਖਾਤਿਆਂ 'ਚ ਬੇਹਿਸਾਬਾ ਪੈਸਾ ਜਮ੍ਹਾ ਕਰਵਾਇਆ ਸੀ। ਰੈਵੇਨਿਊ ਵਿਭਾਗ ਨੇ ਇਨ੍ਹਾਂ ਲੋਕਾਂ ਨੂੰ ਬੇਨਾਮੀ ਐਕਟ ਤਹਿਤ ਨੋਟਿਸ ਭੇਜੇ ਹਨ ਅਤੇ ਜਮ੍ਹਾ ਕਰਾਈ ਗਈ ਰਕਮ ਦਾ ਹਿਸਾਬ ਦੇਣ ਨੂੰ ਕਿਹਾ ਹੈ। ਇਨ੍ਹਾਂ ਲੋਕਾਂ ਨੂੰ ਦੱਸਣਾ ਹੋਵੇਗਾ ਇੰਨਾ ਪੈਸਾ ਉਨ੍ਹਾਂ ਨੇ ਕਿਸ ਤਰ੍ਹਾਂ ਕਮਾਇਆ। ਇਸ ਮਾਮਲੇ 'ਚ ਤਕਰੀਬਨ 10,000 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਆਉਣ ਵਾਲੇ ਹਫਤਿਆਂ 'ਚ ਕਈ ਹੋਰ ਲੋਕਾਂ ਨੂੰ ਵੀ ਨੋਟਿਸ ਜਾਰੀ ਕੀਤੇ ਜਾ ਸਕਦੇ ਹਨ। ਜਾਣਕਾਰੀ ਮੁਤਾਬਕ, ਨੋਟਬੰਦੀ ਸਮੇਂ ਜਿਨ੍ਹਾਂ ਨੇ ਖਾਤੇ 'ਚ ਬੇਹਿਸਾਬਾ ਪੈਸੇ ਜਮ੍ਹਾ ਕਰਾਏ ਸਨ ਅਤੇ ਜਿਸ ਦੇ ਨਾਮ 'ਤੇ ਬੈਂਕ ਖਾਤਾ ਹੈ ਉਨ੍ਹਾਂ ਦੋਹਾਂ ਨੂੰ ਬੇਨਾਮੀ ਕਾਨੂੰਨ ਤਹਿਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਬੇਨਾਮੀ ਕਾਨੂੰਨ ਕਾਫੀ ਕਠੋਰ ਹੈ ਅਤੇ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਵੀ ਹੋ ਸਕਦੀ ਹੈ।

PunjabKesari

ਇਕ ਅਧਿਕਾਰੀ ਨੇ ਕਿਹਾ ਕਿ ਨਵੰਬਰ 2016 'ਚ ਕੀਤੀ ਗਈ ਨੋਟਬੰਦੀ ਦੌਰਾਨ ਬੰਦ ਹੋਏ ਜ਼ਿਆਦਾਤਰ ਕਰੰਸੀ ਨੋਟ ਬੈਂਕਿੰਗ ਸਿਸਟਮ 'ਚ ਆ ਚੁੱਕੇ ਹਨ ਪਰ ਇਹ ਕਿਸੇ ਨਾ ਕਿਸੇ ਨਾਮ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਹੁਣ ਨਾ ਸਿਰਫ ਇਨਕਮ ਟੈਕਸ ਵਿਭਾਗ ਸਗੋਂ ਕਈ ਹੋਰ ਸਰਕਾਰੀ ਵਿਭਾਗ ਵੀ ਇਸ ਡਾਟਾ ਦਾ ਇਸਤੇਮਾਲ ਭਵਿੱਖ 'ਚ ਜਾਂਚ ਲਈ ਕਰ ਸਕਦੇ ਹਨ। ਸੂਤਰਾਂ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਨੂੰ ਜਿਨ੍ਹਾਂ ਲੋਕਾਂ ਦੇ ਖਾਤੇ 'ਚ ਬੇਹਿਸਾਬੀ ਰਕਮ ਹੋਣ ਦਾ ਸ਼ੱਕ ਹੈ, ਉਨ੍ਹਾਂ ਨੂੰ ਹੁਣ ਬੇਨਾਮੀ ਨੋਟਿਸ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਫੋਕਸ ਵੱਡੇ ਲੈਣ-ਦੇਣ 'ਤੇ ਦਿਸ ਰਿਹਾ ਹੈ ਪਰ ਇਨ੍ਹਾਂ ਨੋਟਿਸਾਂ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਟੈਕਸ ਚੋਰੀ ਕੀਤਾ ਹੈ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

PunjabKesari

ਸੂਤਰਾਂ ਨੇ ਕਿਹਾ ਕਿ ਬੇਨਾਮੀ ਨੋਟਿਸ ਅਜੇ ਸ਼ੁਰੂਆਤੀ ਪੱਧਰ ਦੇ ਹਨ। ਇਹ ਉਨ੍ਹਾਂ ਲੋਕਾਂ ਨੂੰ ਭੇਜੇ ਗਏ ਹਨ, ਜਿਨ੍ਹਾਂ ਨੇ ਬੇਹਿਸਾਬਾ ਪੈਸਾ ਜਮ੍ਹਾ ਕਰਾਇਆ ਸੀ ਜਾਂ ਜਿਨ੍ਹਾਂ ਦੀ ਜਮ੍ਹਾ ਕਰਾਈ ਗਈ ਰਕਮ ਆਮਦਨ ਮੁਤਾਬਕ ਨਹੀਂ ਸੀ। ਕਈ ਮਾਮਲਿਆਂ 'ਚ ਲੋਕਾਂ ਨੇ ਅਜਿਹੇ ਬੈਂਕ ਖਾਤਿਆਂ 'ਚ ਪੈਸਾ ਜਮ੍ਹਾ ਕੀਤਾ, ਜੋ ਉਨ੍ਹਾਂ ਦੇ ਨਹੀਂ ਸਨ। ਇਹ ਨੋਟਿਸ ਭੇਜੇ ਜਾਣ ਦਾ ਮਤਲਬ ਹੈ ਕਿ ਬੈਂਕ ਖਾਤਾ ਧਾਰਕ ਅਤੇ ਪੈਸਾ ਜਮ੍ਹਾ ਕਰਾਉਣ ਵਾਲੇ ਦੋਹਾਂ ਨੂੰ ਬੇਨਾਮੀ ਕਾਨੂੰਨ ਤਹਿਤ ਜਾਂਚ ਦਾ ਸਾਹਮਣਾ ਕਰਨਾ ਪਵੇਗਾ।