ਨਵੀਂ ਦਿੱਲੀ— ਵਿਦੇਸ਼ੀ ਬਾਜ਼ਾਰਾਂ 'ਚ ਦੋਵੇਂ ਕੀਮਤੀ ਧਾਤਾਂ 'ਚ ਰਹੀ ਤੇਜ਼ੀ ਵਿਚਕਾਰ ਘਰੇਲੂ ਪੱਧਰ 'ਤੇ ਤਿਉਹਾਰੀ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨਾ 200 ਰੁਪਏ ਦੀ ਛਲਾਂਗ ਲਾ ਕੇ ਚਾਰ ਮਹੀਨਿਆਂ ਤੋਂ ਵਧ ਦੇ ਉੱਚੇ ਪੱਧਰ 32,250 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਸੋਨਾ ਭਟੂਰ ਵੀ ਇੰਨਾ ਹੀ ਚੜ੍ਹ ਕੇ 32,100 ਰੁਪਏ ਪ੍ਰ੍ਰਤੀ ਦਸ ਗ੍ਰਾਮ 'ਤੇ ਵਿਕਿਆ। 8 ਗ੍ਰਾਮ ਵਾਲੀ ਗਿੰਨੀ 100 ਰੁਪਏ ਵਧ ਕੇ 24,700 ਰੁਪਏ 'ਤੇ ਪਹੁੰਚ ਗਈ। ਇਸ ਵਿਚਕਾਰ ਉਦਯੋਗਿਕ ਗਾਹਕੀ ਆਉਣ ਨਾਲ ਚਾਂਦੀ 350 ਰੁਪਏ ਮਹਿੰਗੀ ਹੋ ਕੇ 39,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਵਿਦੇਸ਼ਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਲੰਡਨ ਦਾ ਸੋਨਾ ਹਾਜ਼ਰ 0.4 ਫੀਸਦੀ ਦੀ ਤੇਜ਼ੀ 'ਚ 1,222.20 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 9.60 ਡਾਲਰ ਦੀ ਤੇਜ਼ੀ 'ਚ 1,231.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਰਾਂ ਮੁਤਾਬਕ ਅਮਰੀਕਾ ਅਤੇ ਚੀਨ ਵਿਚਕਾਰ ਜਾਰੀ ਤਣਾਅ ਅਤੇ ਸ਼ੇਅਰ ਬਾਜ਼ਾਰ 'ਚ ਜਾਰੀ ਘਮਾਸਾਨ ਨੂੰ ਦੇਖਦੇ ਹੋਏ ਨਿਵੇਸ਼ਕਾਂ ਦਾ ਰੁਝਾਨ ਸੁਰੱਖਿਅਤ ਨਿਵੇਸ਼ ਵੱਲ ਵਧਿਆ ਹੈ। ਹਾਲਾਂਕਿ, ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਮਜਬੂਤ ਹੋਣ ਨਾਲ ਸੋਨੇ ਦੀ ਚਮਕ ਸੀਮਤ ਰਹੀ ਹੈ। ਵਿਦੇਸ਼ੀ ਬਾਜ਼ਾਰ 'ਚ ਚਾਂਦੀ ਹਾਜ਼ਰ 0.6 ਫੀਸਦੀ ਦੀ ਤੇਜ਼ੀ 'ਚ 14.63 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।