ਚੰਡੀਗੜ੍ਹ— ਪੰਜਾਬ 'ਚ ਝੋਨੇ ਦੀ ਕਟਾਈ ਕਰ ਰਹੇ ਕਿਸਾਨਾਂ ਲਈ ਜ਼ਰੂਰੀ ਖਬਰ ਹੈ। ਬੁੱਧਵਾਰ ਤੋਂ ਤਿੰਨ ਦਿਨ ਤਕ ਪੰਜਾਬ 'ਚ ਬਾਰਸ਼ ਹੋਣ ਦੇ ਆਸਾਰ ਹਨ ਅਤੇ ਕਿਤੇ-ਕਿਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਮੌਸਮ ਵਿਭਾਗ ਨੇ ਬੁਲੇਟਨ ਜਾਰੀ ਕਰਦਿਆਂ ਕਿਹਾ ਕਿ ਉੱਤਰੀ ਪੰਜਾਬ ਦੇ ਜ਼ਿਲ੍ਹਿਆਂ 'ਚ ਬੁੱਧਵਾਰ ਨੂੰ ਤੇਜ਼ ਬਾਰਸ਼ ਹੋ ਸਕਦੀ ਹੈ, ਜਦੋਂ ਕਿ ਬਾਕੀ ਦੋ ਦਿਨਾਂ ਦੌਰਾਨ ਹਲਕੀ ਤੋਂ ਦਰਿਮਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੋਂ ਲੈ ਕੇ ਸ਼ੁੱਕਰਵਾਰ ਤਕ ਬਾਰਸ਼ ਦੀ ਸੰਭਾਵਨਾ ਹੈ, ਜਦੋਂ ਕਿ ਸ਼ਨੀਵਾਰ ਨੂੰ ਵੀ ਬੱਦਲ ਛਾਏ ਰਹਿਣਗੇ, ਯਾਨੀ ਝੋਨਾ ਗਿੱਲਾ ਹੋਇਆ ਤਾਂ ਉਸ ਦੇ ਸੁੱਕਣ 'ਚ ਹੋਰ ਸਮਾਂ ਲੱਗੇਗਾ। ਪਹਿਲਾਂ ਹੀ ਸਤੰਬਰ ਦੇ ਤੀਜੇ ਹਫਤੇ ਅਤੇ ਫਿਰ ਬਾਅਦ 'ਚ ਹੋਈ ਬਾਰਸ਼ ਕਾਰਨ ਫਸਲ ਪੱਕਣ 'ਚ ਦੇਰੀ ਹੋ ਗਈ ਹੈ। ਹੁਣ ਬਾਰਸ਼ ਹੋਈ ਤਾਂ ਕਿਸਾਨਾਂ ਦੀ ਫਸਲ ਮੰਡੀ ਪਹੁੰਚਣ 'ਚ ਹੋਰ ਲੇਟ ਹੋਵੇਗੀ। 

ਝੋਨਾ ਕਾਸ਼ਤਕਾਰਾਂ ਲਈ ਇਹ ਖਬਰ ਚੰਗੀ ਨਹੀਂ ਹੈ ਕਿਉਂਕਿ ਇਨੀਂ ਦਿਨੀਂ ਮੌਸਮ ਸਾਫ ਹੋਣ ਦੇ ਬਾਵਜੂਦ ਮੰਡੀਆਂ 'ਚ ਜੋ ਫਸਲ ਆ ਰਹੀ ਹੈ ਉਸ 'ਚ ਨਮੀ 24 ਫੀਸਦੀ ਤੋਂ ਜ਼ਿਆਦਾ ਹੈ। ਜੇਕਰ ਹੁਣ ਹੋਰ ਬਾਰਸ਼ ਹੋਈ ਤਾਂ ਨਾ ਸਿਰਫ ਝੋਨੇ 'ਚ ਨਮੀ ਦੀ ਮਾਤਰਾ ਵਧੇਗੀ ਸਗੋਂ ਤੇਜ਼ ਹਵਾਵਾਂ ਨਾਲ ਝੋਨਾ ਵਿਛ ਸਕਦਾ ਹੈ। ਉੱਥੇ ਹੀ ਬਾਸਮਤੀ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ 'ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਜ਼ਿਲ੍ਹਿਆਂ 'ਚ ਬਾਸਮਤੀ ਦੀ ਜ਼ਿਆਦਾ ਕਾਸ਼ਤ ਕੀਤੀ ਜਾਂਦੀ ਹੈ। ਇਹ ਕਿਸਮ ਲੇਟ ਹੋਣ ਕਾਰਨ ਇਸ ਦੀ ਵਾਢੀ ਵੀ ਦੇਰ ਨਾਲ ਹੁੰਦੀ ਹੈ। ਅਜਿਹੇ 'ਚ ਇਨ੍ਹਾਂ ਜ਼ਿਲ੍ਹਿਆਂ 'ਚ ਬਾਰਸ਼ ਹੋਣ ਕਾਰਨ ਕਿਸਾਨਾਂ ਦੀ ਪ੍ਰੇਸ਼ਾਨੀ ਵਧ ਸਕਦੀ ਹੈ।