ਜਲੰਧਰ/ਚੰਡੀਗੜ੍ਹ— ਦੀਵਾਲੀ ਦੀ ਖਰੀਦਦਾਰੀ ਲਈ ਬਾਜ਼ਾਰਾਂ 'ਚ ਰੌਣਕ ਲੱਗਣੀ ਸ਼ੁਰੂ ਹੋ ਗਈ ਹੈ | ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਲੋਕ ਕਈ ਤਰ੍ਹਾਂ ਦੀ ਖਰੀਦਦਾਰੀ ਕਰਦੇ ਦਿਸ ਰਹੇ ਹਨ ਪਰ ਇਸ ਵਿਚਕਾਰ ਚੀਨ ਦੀ ਵੀ ਮੌਜ ਲੱਗ ਗਈ ਹੈ | ਲੋਕਾਂ ਵੱਲੋਂ ਬੀ. ਆਈ. ਐੱਸ. ਮਾਰਕਾ ਵਾਲੇ ਲੋਕਲ ਸਾਮਾਨ ਖਰੀਦਣ ਦੀ ਜਗ੍ਹਾ ਸਸਤੇ ਚੀਨੀ ਸਾਮਾਨਾਂ ਦੀ ਖਰੀਦਦਾਰੀ ਜਮ ਕੇ ਕੀਤੀ ਜਾ ਰਹੀ ਹੈ | ਇਸ ਨਾਲ ਚੀਨ ਦੀ ਦਰਾਮਦ ਨੂੰ ਵਧਣ-ਫੁਲਣ ਦਾ ਮੌਕਾ ਮਿਲ ਰਿਹਾ ਹੈ | ਇਹ ਚੀਨ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ ਕਿਉਂਕਿ ਉਸ ਦੇ ਸਾਮਾਨਾਂ ਦੀ ਮੰਗ ਵਧਣ ਨਾਲ ਉੱਥੇ ਦੀਆਂ ਕੰਪਨੀਆਂ ਤੇ ਸਰਕਾਰ ਨੂੰ ਫਾਇਦਾ ਹੋ ਰਿਹਾ ਹੈ |

PunjabKesari

ਲੋਕਲ ਇੰਡਸਟਰੀ 'ਤੇ ਮਾਰ, ਪ੍ਰਭਾਵਿਤ ਹੋ ਰਹੇ ਲੋਕਾਂ ਦੇ ਰੁਜ਼ਗਾਰ
ਬਾਜ਼ਾਰ ਜਾਣਕਾਰਾਂ ਮੁਤਾਬਕ, ਪੰਜਾਬ ਦੇ ਵੀ ਸ਼ਹਿਰਾਂ 'ਚ ਬਹੁਤ ਸਾਰੇ ਦੁਕਾਨਦਾਰ ਚੀਨੀ ਸਜਾਵਟੀ ਲਾਈਟਾਂ ਵੇਚ ਰਹੇ ਹਨ, ਜਿਨ੍ਹਾਂ 'ਤੇ ਕੋਈ ਬੀ. ਆਈ. ਐੱਸ. ਮਾਰਕਾ ਨਹੀਂ ਹੈ | ਹਾਲਾਂਕਿ ਉਹ ਗਾਹਕਾਂ ਨੂੰ ਇਹ ਕਹਿੰਦੇ ਹੋਏ ਚਿਤਾਵਨੀ ਵੀ ਦੇ ਰਹੇ ਹਨ ਕਿ ਤੁਸੀਂ ਚੀਨੀ ਸਾਮਾਨ ਆਪਣੇ ਰਿਸਕ 'ਤੇ ਹੀ ਖਰੀਦ ਰਹੇ ਹੋ, ਇਹ ਨਾ ਤਾਂ ਵਾਪਸ ਹੋਣਗੇ ਅਤੇ ਨਾ ਹੀ ਬਦਲੇ ਜਾਣਗੇ | ਹਾਲਾਂਕਿ ਇਨ੍ਹਾਂ ਸਭ ਵਿਚਕਾਰ ਨੁਕਸਾਨ ਭਾਰਤੀ ਇਲੈਕਟ੍ਰੀਕਲ ਨਿਰਮਾਣ ਯੂਨਿਟਾਂ ਦਾ ਹੋ ਰਿਹਾ ਹੈ | ਚੀਨੀ ਇਲੈਕਟ੍ਰੀਕਲ ਸਾਮਾਨਾਂ ਦੀ ਜ਼ੋਰਦਾਰ ਆਵਾਜਾਈ ਨੇ ਜਲੰਧਰ, ਲੁਧਿਆਣਾ, ਅੰਮਿ੍ਤਸਰ, ਅੰਬਾਲਾ, ਪਾਣੀਪਤ ਅਤੇ ਸੋਨੀਪਤ 'ਚ ਲੋਕਲ ਯੂਨਿਟਾਂ ਦੇ ਕਾਰੋਬਾਰ ਨੂੰ ਖਤਰੇ 'ਚ ਪਾ ਦਿੱਤਾ ਹੈ | ਚੀਨੀ ਝੂਮਰਾਂ, ਐੱਲ. ਈ. ਡੀ. ਬੱਲਬਾਂ ਅਤੇ ਸਜਾਵਟੀ ਲਾਈਟਾਂ ਦੀ ਧੜੱਲੇ ਨਾਲ ਹੋ ਰਹੀ ਵਿਕਰੀ ਨਾਲ ਛੋਟੇ ਲੋਕਲ ਉਦਯੋਗਾਂ 'ਚ ਕੰਮ ਕਰ ਰਹੇ ਹਜ਼ਾਰਾਂ ਲੋਕਾਂ ਦੇ ਰੁਜ਼ਗਾਰ ਪ੍ਰਭਾਵਿਤ ਹੋ ਰਹੇ ਹਨ |

PunjabKesariਚੰਡੀਗੜ੍ਹ ਦੇ ਇਕ ਹੋਲਸੇਲਰ ਟਰੇਡਰ ਨੇ ਕਿਹਾ ਕਿ ਚੀਨੀ ਸਾਮਾਨਾਂ ਦੀ ਬਿਹਤਰ ਬਣਤਰ, ਘੱਟ ਕੀਮਤ ਅਤੇ ਵੱਖਰੀ ਵਰਾਇਟੀ ਕਾਰਨ ਲੋਕ ਇਨ੍ਹਾਂ ਨੂੰ ਜ਼ਿਆਦਾ ਪਸੰਦ ਕਰਦੇ ਹਨ | ਉਨ੍ਹਾਂ ਕਿਹਾ ਕਿ ਲੋਕ ਭਾਰਤੀ ਅਤੇ ਚੀਨੀ ਦੋਵੇਂ ਸਾਮਾਨ ਦੇਖਦੇ ਹਨ ਪਰ ਅਖੀਰ 'ਚ ਚੀਨੀ ਸਾਮਾਨ ਹੀ ਖਰੀਦਣਾ ਪਸੰਦ ਕਰਦੇ ਹਨ | ਜਲੰਧਰ ਦੇ ਇਕ ਕਾਰੋਬਾਰੀ ਮੁਤਾਬਕ, ਬਹੁਤ ਸਾਰੇ ਚੀਨੀ ਸਾਮਾਨ ਬੀ. ਆਈ. ਐੱਸ. ਮਨਜ਼ੂਰਸ਼ੁਦਾ ਨਹੀਂ ਹਨ | ਉਨ੍ਹਾਂ ਕਿਹਾ ਕਿ 100 ਛੋਟੇ ਬੱਲਬਾਂ ਵਾਲੀ ਇਕ ਚੀਨੀ ਲੜੀ ਦੀ ਕੀਮਤ 40 ਅਤੇ 100 ਰੁਪਏ ਵਿਚਕਾਰ ਹੋ ਸਕਦੀ ਹੈ, ਜਦੋਂ ਕਿ ਬੀ. ਆਈ. ਐੱਸ. ਮਨਜ਼ੂਰਸ਼ੁਦਾ ਲਾਈਟਾਂ ਮਹਿੰਗੀਆਂ ਹੁੰਦੀਆਂ ਹਨ | ਉੱਥੇ ਹੀ ਇਕ ਵਪਾਰੀ ਨੇ ਕਿਹਾ ਕਿ ਗਾਹਕ ਭਾਰਤ 'ਚ ਬਣੇ ਸਾਮਾਨ ਚਾਹੁੰਦੇ ਹਨ | ਅਸੀਂ ਵੀ ਭਾਰਤੀ ਸਾਮਾਨ ਹੀ ਵੇਚਣਾ ਚਾਹੁੰਦੇ ਹਾਂ ਪਰ ਸਾਡੇ ਕੋਲ ਕੋਈ ਬਦਲ ਨਹੀਂ ਹੈ ਕਿਉਂਕ ਲੋਕਲ ਸਾਮਾਨਾਂ ਦੀ ਗੁਣਵੱਤਾ, ਮਾਤਰਾ ਅਤੇ ਕੀਮਤਾਂ ਚੀਨੀ ਸਾਮਾਨ ਅੱਗੇ ਨਹੀਂ ਟਿਕਦੀਆਂ | ਭਾਰਤੀ ਕੰਪਨੀਆਂ ਨੂੰ ਚੀਨੀ ਸਾਮਾਨਾਂ ਨੂੰ ਟੱਕਰ ਦੇਣ ਲਈ ਵਿਸ਼ੇਸ਼ ਰਣਨੀਤੀ 'ਤੇ ਕੰਮ ਕਰਨ ਦੀ ਲੋੜ ਹੈ |