1704 ਈ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਮੁਗਲਾਂ ਨਾਲ ਕਰਦਿਆਂ ਹੋਇਆਂ ਜਦ ਕਿਲਾ ਛੱਡਿਆ, ਉਸ ਤੋਂ ਬਾਅਦ ਮਾਛੀਵਾੜਾ, ਚਮਕੌਰ ਸਾਹਿਬ, ਲੰਮੇ ਜੱਟਪੁਰਾ ਆਦਿ ਥਾਵਾਂ ਤੋਂ ਹੁੰਦਿਆਂ ਹੋਇਆਂ ਕੋਟਕਪੂਰਾ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਢਿੱਲਵੀਂ ਆਏ, ਇਥੇ ਸੰਘਣੇ ਬਿਰਛਾਂ ਦੀ ਛਾਇਆ ਸੁਭਾਏਮਾਨ ਵੇਖ ਕੇ ਗੁਰੂ ਜੀ ਨੇ ਘੋੜਾ ਬੇਰੀ ਦੇ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਕੋਲ ਹੀ ਪਾਣੀ ਦੀ ਢਾਬ ਵੇਖ ਕੇ ਗੁਰੂ ਜੀ ਪਾਣੀ ਦੇ ਕਿਨਾਰੇ ਬੈਠ ਗਏ, ਹਜ਼ੂਰ ਦੇ ਆਉਣ ਦੀ ਖਬਰ ਸੋਢੀ ਕੌਲ ਨੂੰ ਮਿਲੀ। ਕੌਲ ਜੀ ਗੁਰੂ ਦੇ ਦਰਸ਼ਨ ਕਰਨ ਆਏ। ਕੌਲ ਨੇ ਨਮਸਕਾਰ ਕੀਤੀ ਅਤੇ ਗੁਰੂ ਜੀ ਨਾਲ ਬਚਨ ਬਿਲਾਸ ਕੀਤਾ। ਗੁਰੂ ਜੀ ਨੇ ਸਿੰਘਾਂ ਨੂੰ ਜਲ ਛਕਾਉਣ ਦਾ ਹੁਕਮ ਦਿੱਤਾ। ਸਿੰਘਾਂ ਨੇ ਇਸ ਢਾਬ ਤੋਂ ਪਾਣੀ ਲਿਆਂਦਾ,ਇਹ ਪਾਣੀ ਵੇਖ ਕੇ ਕੌਲ ਜੀ ਬੋਲੇ, ਸੱਚੇ ਪਾਤਸ਼ਾਹ ਇਹ ਤਾਂ ਪਾਣੀ ਪੰਛੀ ਜਾਨਵਰਾਂ ਨੇ ਖਰਾਬ ਕੀਤਾ ਹੈ। ਚੰਗਾ ਜਲ ਆਪ ਨੂੰ ਲਿਆ ਕੇ ਦਿੰਦੇ ਹਾਂ । ਇਹ ਸੁਣ ਕੇ ਹਜ਼ੂਰ ਬੋਲੇ ਇਹ ਤਾਂ ਗੋਦਾਵਰੀ ਦੀ ਮਹਾਨਤਾ ਰੱਖਦਾ ਹੈ। ਗੁਰੂ ਜੀ ਨੇ ਇਸ ਸਰੋਵਰ ਨੂੰ ਗੋਦਾਵਰੀ ਦਾ ਵਰ ਦਿੱਤਾ ਤੇ ਕੌਲ ਜੀ ਬੜੇ ਖੁਸ਼ ਹੋਏ।
ਇਥੇ ਸੋਢੀ ਕੌਲ ਨੇ ਆਪ ਤੋਂ ਅੰਮ੍ਰਿਤਪਾਨ ਕੀਤਾ, ਆਪਣੇ ਪਰਿਵਾਰ ਦੇ ਨਾਲ ਹੀ ਕਪੂਰੇ ਨੂੰ ਵੀ ਅੰਮ੍ਰਿਤਪਾਨ ਕਰਵਾਇਆ। ਇਸ ਤੋਂ ਮਗਰੋਂ ਕੌਲ ਜੀ ਨੇ ਗੁਰੂ ਮਹਾਰਾਜ ਜੀ ਨੂੰ ਬਸਤਰ ਪਹਿਨਣ ਵਾਸਤੇ ਭੇਟ ਕੀਤੇ। ਗੁਰੂ ਜੀ ਨੇ ਪੁਰਾਣੇ ਜੰਗੀ ਬਸਤਰ ਉਤਾਰ ਕੇ ਨਵੇਂ ਪਹਿਨੇ ਅਤੇ ਪੁਰਾਣੇ ਬਸਤਰ ਇਸ ਜਗ੍ਹਾ ਜੋ ਮੰਜੀ ਸਾਹਿਬ ਹੈ, ਅੰਗੀਠਾ ਲਾ ਕੇ ਅਗਨ ਭੇਟ ਕਰਨ ਲੱਗੇ, ਕੌਲ ਕਹਿਣ ਲੱਗੇ-ਪਾਤਸ਼ਾਹ ਇਨਾਂ ਪੁਰਾਣੇ ਬਸਤਰਾਂ ਨੂੰ ਸਾਨੂੰ ਬਖਸ਼ ਦੇਵੋ, ਅਸੀਂ ਦਰਸ਼ਨ ਕਰਿਆ ਕਰਾਂਗੇ। ਗੁਰੂ ਜੀ ਨੇ ਪੁਰਾਣੇ ਬਸਤਰ ਸੋਢੀ ਕੌਲ ਨੂੰ ਦੇ ਦਿੱਤੇ, ਜੋ ਮਹਾਰਾਜ ਆਪਣੇ ਨਾਲ ਲੈ ਕੇ ਆਏ ਸੀ ਅਤੇ ਕਿਹਾ ਕਿ ਜੋ ਵੀ ਪ੍ਰੇਮ ਨਾਲ ਦਰਸ਼ਨ ਕਰੇਗਾ ਉਸ ਨੂੰ ਭਾਈ ਸਾਡੇ ਦਰਸ਼ਨ ਮਿਲਣਗੇ। ਇਹ ਬਸਤਰ ਅਜੇ ਵੀ ਸੋਢੀ ਪਰਿਵਾਰ ਕੋਲ ਮੌਜੂਦ ਹਨ ਤੇ ਸੰਗਤਾਂÎ ਇਨ੍ਹਾਂ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ।
ਗੁਰੂ ਜੀ ਨੇ ਨੀਲਾ ਬਾਣਾ ਜੋ ਪਹਿਨਿਆ ਸੀ, ਉਤਾਰ ਕੇ ਅੰਗੀਠੇ ਵਿਚ ਅਗਨ ਭੇਟ ਕਰਨ ਲੱਗੇ, ਸਾਹਿਬ ਮੁਖਾਰਬਿੰਦ ਤੋਂ ਤਿੰਨ ਵਾਰ ਬੋਲਦੇ ਹਨ, 'ਨੀਲ ਬਸਤਰ ਲੇ ਕਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ।' ਸਿੱਖਾਂ ਨੇ ਬੇਨਤੀ ਕੀਤੀ ਜੀ ਪਾਤਸ਼ਾਹ ਰਾਮਰਾਏ ਨੇ ਤੁਕ ਪਲਟੀ ਸੀ ਤਾਂ ਗੁਰਿਆਈ ਤੋਂ ਖਾਰਜ ਕਰ ਦਿੱਤਾ ਸੀ। 'ਸਮਰੱਥ ਕੋ ਨਾਹੀ ਦੋਸ਼ ਗੁਸਾਈ' ਇਹ ਤਾਂ ਅਕਾਲ ਪੁਰਖ ਦਾ ਹੁਕਮ ਹੈ, ਗੁਰੂ ਜੀ ਨੀਲਾ ਚੋਲਾ ਅਗਨ ਭੇਟ ਕਰਨ ਲੱਗੇ ਹੀ ਸਨ, ਮਾਨ ਸਿੰਘ ਜੋ ਕਿ ਮਸਤਾਨਾ ਸਿੰਘ ਸੀ, ਨੇ ਬੇਨਤੀ ਕੀਤੀ ਗੁਰੂ ਜੀ ਨੀਲੇ ਚੋਲੇ ਦੀ ਨਿਸ਼ਾਨੀ ਦੇ ਦੇਵੋ। ਹਜ਼ੂਰ ਨੇ ਖੁਸ਼ ਹੋ ਕੇ ਮਾਨ ਸਿੰਘ ਨੂੰ ਚੋਲੇ ਦਾ ਇਕ ਹਿੱਸਾ ਪਾੜ ਕੇ ਦੇ ਦਿੱਤਾ। ਮਾਨ ਸਿੰਘ ਚੋਲੇ ਦਾ ਪਾੜਿਆ ਹਿੱਸਾ ਲੈ ਕੇ ਸੀਸ ਪੁਰ ਸਜਾ ਕੇ ਖੁਸ਼ ਹੋਇਆ। ਖਾਲਸਾ ਜੀ ਨਿਹੰਗ ਸਿੰਘਾਂ ਦੇ ਫਰਲੇ ਦਾ ਜਨਮ ਇਥੇ ਹੋਇਆ ਹੈ।  ਇਸ ਅਸਥਾਨ ਉਤੇ ਸੰਗਰਾਂਦ, ਪੁੰਨਿਆ, ਮੱਸਿਆ, ਮਾਘੀ ਤੇ ਵਿਸਾਖੀ ਦੇ ਮੇਲੇ 'ਤੇ ਸੰਗਤਾਂ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ।