ਗੁਰਦੁਆਰਾ ਸੱਚਾ ਸੌਦਾ ਪਾਕਿਸਤਾਨ 'ਚ ਸਥਿਤ ਹੈ । ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਸੰਸਰਿਕ ਕਾਰ 'ਚ ਪਾਉਣ ਲਈ 20 ਰੁਪਏ ਦਿੱਤੇ ਅਤੇ ਵਪਾਰ ਕਰਨ ਨੂੰ ਕਿਹਾ । ਉਸ ਵੇਲੇ ਗੁਰੂ ਨਾਨਕ ਜੀ ਦੀ ਉਮਰ 18 ਸਾਲਾਂ ਦੀ ਦੱਸੀ ਜਾਂਦੀ ਹੈ । ਆਪ ਭਾਈ ਮਰਦਾਨਾ ਜੀ ਨਾਲ ਵਪਾਰ ਕਰਨ ਨਿਕਲੇ। ਮੰਡੀ ਚੂਹੜਕਾਣੇ ਤੋਂ ਬਾਹਰ ਉਹਨਾਂ ਦੇਖਿਆ ਕਿ ਜੰਗਲ 'ਚ ਕੁਝ ਸਾਧੂ ਭੁੱਖੇ ਭਾਣੇ ਬੈਠੇ ਹਨ । ਗੁਰੂ ਜੀ ਤੋਂ ਉਹਨਾਂ ਦੀ ਭੁੱਖ ਵੇਖੀ ਨਾ ਗਈ, ਤਾਂ ਗੁਰੂ ਜੀ ਨੇ ਉਹਨਾਂ ਵੀਹ ਰੁਪਏ ਦਾ ਸਾਧੁਆਂ ਨੂੰ ਲੰਗਰ ਛਕਾ ਦਿੱਤਾ । ਜਦ ਆਪ ਜੀ ਦੇ ਪਿਤਾ ਨੂੰ ਇਹ ਪਤਾ ਲੱਗਾ ਤਾਂ ਉਹ ਕਾਫੀ ਨਰਾਜ਼ ਹੋਏ ਤਾਂ ਗੁਰੂ ਜੀ ਨੇ ਫਰਮਾਇਆ ਕਿ ਮੈਂ ਸੱਚਾ ਸੌਦਾ ਕਰ ਕੇ ਆਇਆ ਹਾਂ । ਜਿਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਨੂੰ ਲੰਗਰ ਛਕਾਇਆ ਸੀ, ਉਸ ਥਾਂ ਗੁਰਦੁਆਰਾ ਸੱਚਾ ਸੌਦਾ ਬਣਿਆ ਹੋਇਆ ਹੈ। ਇਹ ਕਿਲੇ ਵਰਗਾ ਸੁੰਦਰ ਤੇ ਵਿਸ਼ਾਲ ਗੁਰਦੁਆਰਾ, ਮਹਾਰਾਜਾ ਰਣਜੀਤ ਸਿੰਘ ਦੇ ਕਾਲ 'ਚ ਸ਼ਾਹੀ ਹੁਕਮ ਤੇ ਬਣਿਆ।
ਇਸ ਗੁਰਦੁਆਰੇ ਦੇ ਨਾਂ 250 ਵਿਘੇ ਜਮੀਨ ਹੈ। ਇਸ ਗੁਰਦੁਆਰੇ ਇਸਾਖੀ, ਮਾਘ ਸੁਦੀ 1 ਅਤੇ ਕੱਤਕ ਪੁੰਨਿਆ ਨੂੰ ਮੇਲਾ ਲਗਦਾ ਸੀ।1947 ਤੋਂ ਮਗਰੋਂ ਇਹ ਗੁਰਦੁਆਰਾ ਬੰਦ ਪਿਆ ਰਿਹਾ। ਹੁਣ ਸੰਨ 1993 ਦੀ ਵਿਸਾਖੀ ਨੂੰ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦੇ ਖੱਲੇ ਦਰਸ਼ਨ ਦੀਦਾਰ ਵਾਸਤੇ ਇਸ ਗੁਰਦੁਆਰੇ ਨੂੰ ਖੋਲ ਦਿੱਤਾ ਗਿਆ। ਇੰਗਲੈਂਡ ਦੀ ਸੰਗਤ ਦੇ ਸਹਿਯੋਗ ਨਾਲ ਲੱਖਾਂ ਰੁਪਏ ਖਰਚ ਕਰਕੇ ਇਸ ਅਸਥਾਨ ਦੀ ਮੁਰੰਮਤ ਕਰਵਾਈ ਗਈ। ਨਵਾਂ ਲੰਗਰ ਹਾਲ ਉਸਾਰਿਆ ਗਿਆ ਤੇ ਨਵਾਂ ਸਰੋਵਰ ਬਣਾਇਆ ਗਿਆ। ਇਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਹੁਣ ਸਾਲ 'ਚ ਚਾਰ ਵਾਰ ਅਖੰਡ ਪਾਠ ਅਰੰਭ ਕੀਤਾ ਜਾਂਦਾ ਹੈ।