ਬਿਦਰ ਦੇ ਨੇੜੇ ਹੀ ਸਥਿਤ ਉਸ ਗੁਰਧਾਮ ਦੇ ਦਰਸ਼ਨ ਕਰਵਾਈਏ ਜਿਸ ਦੇ ਦਰਸ਼ਨ ਕਰਦਿਆਂ ਹੀ ਅੱਜ ਦਾ ਮਨੁੱਖ ਵੀ ਆਪਣੇ ਮੂੰਹੋਂ ਸਹਿਜੇ ਹੀ ਕਹਿ ਉੱਠਦਾ ਹੈ ਕਿ ਧੰਨ ਗੁਰੂ ਤੇ ਧੰਨ ਤੇਰੇ ਸਿਦਕੀ ਸਿੱਖ। ਧੰਨ ਮਾਈ ਭਾਗੋ ਤੇ ਧੰਨ ਤੈਨੂੰ ਜਨਮ ਦੇਣ ਵਾਲੀ ਮਾਤਾ। ਧੰਨ ਹੈ ਤੇਰਾ ਗੁਰੂ ਜਿਸ ਨੇ ਤੈਨੂੰ ਇਸ ਯੋਗ ਬਣਾਇਆ ਕਿ ਜਿਸ ਕੰਮ ਨੂੰ ਮਰਦ ਵੀ ਨਹੀਂ ਕਰ ਸਕੇ, ਤੂੰ ਬਿਰਧ ਅਵਸਥਾ ਵਿਚ ਵੀ ਚਾਰੇ ਪਾਸੇ ਦੁਸ਼ਮਣ ਫੌਜਾਂ ਹੋਣ ਦੇ ਬਾਵਜੂਦ ਨੇਪਰੇ ਚਾੜ੍ਹਿਆ। ਇਹ ਗੁਰਧਾਮ ਹੈ ਪਿੰਡ ਜਨਵਾੜਾ ਵਿਚ ਮਾਤਾ ਭਾਗੋ ਜੀ ਦੀ ਯਾਦ ਵਿਚ ਬਣਿਆ ਹੋਇਆ ਗੁਰਦੁਆਰਾ ਸਾਹਿਬ। ਪਿੰਡ ਜਨਵਾੜਾ ਬਿਦਰ ਤੋਂ ਲਗਭਗ 14 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਪਿੰਡ ਵਿਚ ਮਾਤਾ ਭਾਗੋ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਦਾ ਇਤਿਹਾਸ ਵੀ ਬਹੁਤ ਦਿਲਚਸਪ ਅਤੇ ਗੁਰੂ ਸਾਹਿਬ ਦੇ ਕੌਤਕ ਨੂੰ ਵਰਣਨ ਕਰਦਾ ਹੈ। ਇਸ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਬਿਦਰ ਦੇ ਮੈਨੇਜਰ ਵਲੋਂ ਜੋ ਇਤਿਹਾਸ ਲਿਖ ਕੇ ਲਗਾਇਆ ਗਿਆ ਹੈ, ਉਸ ਅਨੁਸਾਰ ਮਾਤਾ ਭਾਗੋ ਜੀ ਦਾ ਜਨਵਾੜਾ ਵਿਖੇ ਪੁੱਜਣ ਦਾ ਬਿਰਤਾਂਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਹੈ।
ਦੱਸਿਆ ਜਾਂਦਾ ਹੈ ਕਿ ਰੁਸਤਮ ਰਾਓ ਅਤੇ ਬਾਲਾ ਰਾਓ ਦੋਵੇਂ ਹੀ ਜਨਵਾੜਾ ਦੇ ਰਜਵਾੜੇ ਸਨ। ਇਨ੍ਹਾਂ ਨੂੰ ਉਸ ਸਮੇਂ ਦੀ ਸਰਕਾਰ ਨੇ ਊਨੇ ਦੇ ਨੇੜੇ ਸਤਾਰਾ ਕਿਲੇ ਵਿਚ ਬੰਦੀ ਬਣਾ ਰੱਖਿਆ ਸੀ। ਇਹ ਦੋਵੇਂ ਹਰ ਰੋਜ਼ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹੋ ਅਰਦਾਸ ਕਰਦੇ ਕਿ ਉਨ੍ਹਾਂ ਨੂੰ ਆਜ਼ਾਦ ਕਰਵਾਇਆ ਜਾਵੇ। ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਆਪ ਪ੍ਰਗਟ ਹੋ ਕੇ ਉਥੇ ਇਨ੍ਹਾਂ ਦੋਵਾਂ ਨੂੰ ਆਜ਼ਾਦ ਕਰਵਾਇਆ ਤੇ ਨੰਦੇੜ ਜਾਣ ਲਈ ਕਿਹਾ। ਕਿਹਾ ਜਾਂਦਾ ਹੈ ਕਿ ਇਹ ਦੋਵੇਂ ਜੇਲ ਵਿਚੋਂ ਗੁਰੂ ਜੀ ਦੇ ਘੋੜੇ ਦੇ ਖੁਰ ਫੜ ਕੇ ਆਜ਼ਾਦ ਹੋਏ। ਇਨ੍ਹਾਂ ਦੋਵਾਂ ਨੇ ਨੰਦੇੜ ਵਿਖੇ ਆ ਕੇ ਗੁਰੂ ਸਾਹਿਬ ਦੇ ਹਮੇਸ਼ਾ ਹਾਜ਼ਰ ਨਾਜ਼ਰ ਹੋਣ ਦਾ ਸਬੂਤ ਦਿੰਦਿਆਂ ਆਪਣੀ ਰਿਹਾਈ ਦੀ ਘਟਨਾ ਸੰਗਤਾਂ ਨੂੰ ਸੁਣਾਈ। ਕੁਝ ਸਮਾਂ ਨੰਦੇੜ ਵਿਖੇ ਹੀ ਇਹ ਦੋਵੇਂ ਕੀਰਤਨ ਦਰਬਾਰ ਦਾ ਆਨੰਦ ਮਾਣਦੇ ਰਹੇ। ਫੇਰ ਉਨ੍ਹਾਂ ਨੇ ਆਪਣੇ ਘਰ ਜਾਣ ਦੀ ਇੱਛਾ ਪ੍ਰਗਟ ਕੀਤੀ।
ਉਸ ਵੇਲੇ ਹਜ਼ੂਰ ਸਾਹਿਬ ਵਿਖੇ ਜਥੇਦਾਰ ਸੰਤੋਖ ਸਿੰਘ ਜੀ ਨੂੰ ਇਨ੍ਹਾਂ ਦੋਵਾਂ ਨੇ ਬੇਨਤੀ ਕੀਤੀ ਕਿ ਇਨ੍ਹਾਂ ਨੂੰ ਹਿਫਾਜ਼ਤ ਨਾਲ ਜਨਵਾੜਾ ਵਿਖੇ ਰਵਾਨਾ ਕੀਤਾ ਜਾਵੇ। ਕੋਈ ਵੀ ਇਨ੍ਹਾਂ ਦੋਵਾਂ ਦੇ ਨਾਲ ਜਨਵਾੜਾ ਤੱਕ ਜਾਣ ਲਈ ਤਿਆਰ ਨਹੀਂ ਹੋਇਆ, ਕਿਉਂਕਿ ਸੰਗਤ ਵਿਚੋਂ ਕੋਈ ਵੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪਵਿੱਤਰ ਅਸਥਾਨ ਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ। ਦੂਜੀ ਗੱਲ ਜਨਵਾੜਾ ਤੱਕ ਦਾ ਰਸਤਾ ਕਾਫੀ ਲੰਮਾ ਤੇ ਔਖਾ ਸੀ। ਇਹ ਦੋਵੇਂ ਹਕੂਮਤ ਦੇ ਭਗੌੜੇ ਹੀ ਮੰਨੇ ਜਾਣੇ ਸਨ ਤੇ ਫੌਜਾਂ ਸਾਰੇ ਹੀ ਰਸਤਿਆਂ 'ਤੇ ਹਰਲ ਹਰਲ ਕਰਦੀਆਂ ਫਿਰ ਰਹੀਆਂ ਸਨ। ਕੋਈ ਵੀ ਇੰਨਾ ਵੱਡਾ ਰਿਸਕ ਉਠਾਉਣਾ ਨਹੀਂ ਸੀ ਚਾਹੁੰਦਾ। ਤਿਆਗ ਦੀ ਮੂਰਤ ਮਾਤਾ ਭਾਗੋ ਜੀ ਤੁਰੰਤ ਸੰਗਤ ਵਿਚ ਖੜ੍ਹੇ ਹੋ ਗਏ ਅਤੇ ਕਿਹਾ ਕਿ ਉਹ ਇਨ੍ਹਾਂ ਦੋਵਾਂ ਨੂੰ ਜਨਵਾੜਾ ਵਿਖੇ ਪਹੁੰਚਾ ਸਕਦੇ ਹਨ। ਆਪ ਜੀ ਸਾਰੇ ਹੀ ਇਹ ਭਲੀਭਾਂਤ ਜਾਣਦੇ ਹੋ ਕਿ ਮਾਤਾ ਭਾਗੋ ਜੀ ਨੇ ਹੀ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ਸਿੱਖਾਂ ਨੂੰ ਮੁੜ ਗੁਰੂ ਜੀ ਕੋਲ ਪਹੁੰਚਾਇਆ ਤੇ ਉਨ੍ਹਾਂ ਦੇ ਗੁਨਾਹ ਮੁਆਫ ਕਰਵਾਏ। ਕਿਸ ਤਰ੍ਹਾਂ ਭੁੱਖ ਅਤੇ ਲੜਾਈ ਹੱਥੋਂ ਤੰਗ ਆਏ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇਣ ਵਾਲੇ ਸਿੱਖਾਂ ਨੂੰ ਮਾਤਾ ਭਾਗੋ ਜੀ ਨੇ ਹੀ ਮੁੜ ਕੇ ਗੁਰੂ ਜੀ ਦੇ ਹੱਕ ਵਿਚ ਲੜਨ ਲਈ ਪ੍ਰੇਰਿਤ ਕੀਤਾ ਅਤੇ ਖਿਦਰਾਣੇ ਦੀ ਢਾਬ 'ਤੇ 40 ਮੁਕਤਿਆਂ ਦਾ ਵਰਦਾਨ ਦਿਵਾਇਆ। ਮਾਤਾ ਭਾਗੋ ਜੀ ਤਾਂ ਤਿਆਗ ਦੀ ਹੀ ਮੂਰਤ ਸਨ। ਉਹ ਬਹੁਤ ਹੀ ਪਰਉਪਕਾਰੀ ਵੀ ਸਨ।
ਮਾਤਾ ਭਾਗੋ ਜੀ ਰੁਸਤਮ ਰਾਓ ਤੇ ਬਾਲਾ ਰਾਓ ਜੀ ਨੂੰ ਹਿਫਾਜ਼ਤ ਨਾਲ ਜਨਵਾੜਾ (ਬਿਦਰ) ਵਿਖੇ ਲੈ ਆਏ ਅਤੇ ਉਨ੍ਹਾਂ ਦੀ ਗੜ੍ਹੀ ਵਿਖੇ ਹੀ ਰਹਿੰਦੇ ਰਹੇ। ਮਾਤਾ ਭਾਗੋ ਜੀ ਨੇ ਆਪਣੀ ਬਾਕੀ ਦੀ ਜ਼ਿੰਦਗੀ ਇਥੇ ਹੀ ਬਤੀਤ ਕੀਤੀ। ਮਾਤਾ ਭਾਗੋ ਜੀ ਦਾ ਰੋਜ਼ਾਨਾ ਦਾ ਕਾਰਜ ਇਹ ਸੀ ਕਿ ਆਪ ਜਨਵਾੜਾ ਤੋਂ ਤੁਰ ਕੇ ਨਾਨਕ ਝੀਰਾ ਸਾਹਿਬ ਵਿਖੇ ਜਾਂਦੇ ਅਤੇ ਉਥੇ ਹੀ ਆਪਣਾ ਨਿਤਨੇਮ ਕਰਦੇ। ਇਸਦੇ ਨਾਲ-ਨਾਲ ਸਿੱਖੀ ਦਾ ਪ੍ਰਚਾਰ ਵੀ ਕਰਦੇ ਰਹਿੰਦੇ। ਸ਼ਾਮ ਵੇਲੇ ਵਾਪਸ ਗੜ੍ਹੀ 'ਚ ਚਲੇ ਜਾਂਦੇ। ਵੱਡੀ ਉਮਰ ਵਿਚ ਵੀ ਆਪ ਜੀ ਰੋਜ਼ਾਨਾ ਇਹੋ ਕਾਰਜ ਕਰਦੇ ਰਹੇ। ਇਲਾਕੇ ਵਿਚ ਆਪ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਅਖੀਰ ਜਨਵਾੜਾ ਵਿਖੇ ਰੁਸਤਮ ਰਾਓ ਤੇ ਬਾਲਾ ਰਾਓ ਦੀ ਗੜ੍ਹੀ ਵਿਚ ਹੀ ਆਪ ਜੀ ਗੁਰਪੁਰੀ ਸਿਧਾਰ ਗਏ। ਆਪ ਜੀ ਦੀ ਮਿੱਠੀ ਯਾਦ ਵਿਚ ਜਨਵਾੜਾ ਵਿਖੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜਿਸ ਦਾ ਨਾਂ ਗੁਰਦੁਆਰਾ ਮਾਤਾ ਭਾਗੋ ਜੀ ਹੈ। ਇਥੇ ਹੀ ਮਾਤਾ ਭਾਗੋ ਜੀ ਦਾ ਤਪ ਅਸਥਾਨ ਵੀ ਬਣਿਆ ਹੋਇਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਮਾਤਾ ਭਾਗੋ ਜੀ ਨੂੰ ਕਰਨਾਟਕ ਦੇ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ ਸੀ। ਸਹੀ ਸਮਾਂ ਆਉਣ 'ਤੇ ਉਹ ਗੁਰੂ ਜੀ ਦਾ ਹੁਕਮ ਮੰਨ ਕੇ ਹੀ ਰੁਸਤਮ ਰਾਓ ਤੇ ਬਾਲਾ ਰਾਓ ਜੀ ਨੂੰ ਹਿਫਾਜ਼ਤ ਨਾਲ ਜਨਵਾੜਾ ਵਿਖੇ ਲੈ ਕੇ ਆਏ ਸਨ। ਮਾਤਾ ਭਾਗੋ ਜੀ ਨੂੰ ਹਰ ਰੋਜ਼ ਗੁਰੂ ਜੀ ਦੇ ਦਰਸ਼ਨ ਹੁੰਦੇ ਸਨ।
ਇਹ ਅਸਥਾਨ ਜਨਵਾੜਾ ਪਿੰਡ ਦੀਆਂ ਤੰਗ ਗਲੀਆਂ ਵਿਚੋਂ ਪਿੰਡ ਦੇ ਵਿਚਾਲੇ ਜਿਹੇ ਸਥਿਤ ਹੈ। ਇਲਾਕੇ ਵਿਚ ਬਹੁਤ ਗ਼ਰੀਬੀ ਹੈ, ਜਿਸ ਕਰਕੇ ਗੁਰਦੁਆਰਾ ਸਾਹਿਬ ਦੇ ਬਾਹਰ ਅਕਸਰ ਹੀ ਮੰਗਤੇ ਜਾਂ ਛੋਟੇ ਬੱਚੇ ਬੈਠੇ ਰਹਿੰਦੇ ਹਨ। ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਹੇਠਲੀ ਮੰਜ਼ਿਲ 'ਤੇ ਇਥੋਂ ਦੇ ਲੋਕਾਂ ਦੀਆਂ ਰਿਹਾਇਸ਼ਾਂ ਹਨ ਤੇ ਜਿਹੜੇ ਲੋਕ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰਦੇ ਹਨ, ਉਹ ਵੀ ਗੁਰਦੁਆਰਾ ਕੰਪਲੈਕਸ ਵਿਚ ਹੇਠਲੀਆਂ ਮੰਜ਼ਿਲਾਂ 'ਤੇ ਰਹਿ ਰਹੇ ਹਨ। ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਝੀਰਾ ਵਲੋਂ ਕੀਤਾ ਜਾਂਦਾ ਹੈ। ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਇਸ ਮਹਾਨ ਅਸਥਾਨ ਦੀ ਸੇਵਾ ਸੰਭਾਲ ਵੱਲ ਜ਼ਰੂਰ ਹੀ ਧਿਆਨ ਦਿੱਤਾ ਜਾਵੇ। ਬਿਦਰ ਤੋਂ ਬਾਹਰਵਾਰ ਆਪ ਜੀ ਦੀ ਪਿਆਰੀ ਯਾਦ ਵਿਚ ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਤੇ ਕਾਰ ਸੇਵਾ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਵਲੋਂ ਜੋ ਯਾਦਗਾਰੀ ਵਿਰਾਸਤ ਦੀ ਉਸਾਰੀ ਕਰਵਾਈ ਜਾ ਰਹੀ ਹੈ, ਉਹ ਅਸਥਾਨ ਮਾਤਾ ਭਾਗੋ ਜੀ ਦੇ ਗੁਰਦੁਆਰੇ ਤੋਂ ਕੁਝ ਹੀ ਦੂਰੀ 'ਤੇ ਸਥਿਤ ਹੈ।