ਮਾਲਵੇ ਦੀ ਧਰਤੀ 'ਤੇ ਸਥਿਤ ਇਤਿਹਾਸਕ ਗੁਰਦੁਆਰਾ ਜੰਡ ਸਾਹਿਬ ਗੁੰਮਟੀ-ਭਾਈਰੂਪਾ,  ਜ਼ਿਲਾ ਬਠਿੰਡਾ (ਪੰਜਾਬ) ਜਿਸ ਨੂੰ ਮੀਰੀ-ਪੀਰੀ  ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸੇ ਅਸਥਾਨ 'ਤੇ ਆਪਣੇ ਸੇਵਕਾਂ ਦੀ ਇੱਛਾ ਪੂਰਤੀ ਲਈ ਛੇਵੇਂ ਪਾਤਸ਼ਾਹ ਜੀ ਵਲੋਂ ਸੇਵਕਾਂ ਦਾ ਸੀਤਲ (ਠੰਡਾ) ਜਲ ਗ੍ਰਹਿਣ ਕੀਤਾ ਗਿਆ ਸੀ। ਇਤਿਹਾਸ ਦੀ ਗਾਥਾ ਅਨੁਸਾਰ ਜੇਠ ਦੇ ਦਿਨ ਤੇ ਗਰਮੀ ਦਾ ਜ਼ੋਰ ਸੀ। ਉਸ ਸਮੇਂ ਛੇਵੇਂ ਪਾਤਸ਼ਾਹ ਦੇ ਸੇਵਕ ਪਿਓ-ਪੁੱਤਰ ਭਾਈ ਸਾਧੂ ਤੇ ਰੂਪਾ ਇਕ ਦਿਨ ਆਪਣਾ ਕੰਮਕਾਰ ਕਰਨ ਲਈ ਘਰੋਂ ਬਾਹਰ ਨਿਕਲੇ ਤੇ ਨੇੜੇ ਪੈਂਦੇ ਜੰਗਲ ੁਵਿਚੋਂ ਲੱਕੜਾਂ ਆਦਿ ਕੱਟ ਲਿਆਉਣ ਦਾ ਵਿਚਾਰ ਸਾਂਝਾ ਕੀਤਾ। ਭਾਈ ਸਾਧੂ ਨੇ ਪੁੱਤਰ ਰੂਪੇ ਨੂੰ ਕਿਹਾ ਕਿ ਇਹ ਕੂਨ੍ਹਾ (ਘੜਾ) ਪਾਣੀ ਦਾ ਨਾਲ ਲੈ ਚੱਲੋ ਦੁਪਹਿਰ ਸਮੇਂ ਪਾਣੀ ਦੀ ਤੇਹ ਲੱਗ ਜਾਂਦੀ ਹੈ। ਉਨ੍ਹਾਂ ਦੂਰ ਜੰਗਲ ਵਿਚ ਜਾ ਕੇ ਆਪਣੇ ਨਾਲ ਲਿਆਂਦਾ ਕੂਨ੍ਹਾ (ਘੜਾ) ਜੰਡ ਦੇ ਦਰੱਖਤ ਨਾਲ ਲਟਕਾ ਦਿੱਤਾ ਤੇ ਆਪ ਲੱਕੜਾਂ ਚੀਰਨ ਲੱਗ ਪਏ। ਪ੍ਰਸ਼ਾਦਾ ਆਦਿ ਘਰੋਂ ਛਕ ਕੇ ਆਏ ਸਨ, ਜਦ ਦੁਪਹਿਰ ਸਮੇਂ ਉਨ੍ਹਾਂ ਨੂੰ ਪਾਣੀ ਪੀਣ ਦੀ ਤੇਹ ਲੱਗੀ ਤਾਂ ਭਾਈ ਰੂਪੇ ਨੇ ਜਿਸ ਵਕਤ ਪਾਣੀ ਵਾਲੇ ਕੂਨ੍ਹੇ (ਘੜੇ) ਨੂੰ ਹੱਥ ਲਾਇਆ ਤਾਂ ਉਸ ਵਿਚ ਭਰਿਆ ਜਲ ਬਰਫ ਵਾਂਗ ਠੰਡਾ (ਸੀਤਲ) ਵੇਖ ਕੇ ਆਪਣੇ ਪਿਤਾ ਨੂੰ ਇੱਛਾ ਜ਼ਾਹਿਰ ਕੀਤੀ ਕਿ ਇਹ ਸੀਤਲ ਜਲ ਤਾਂ ਸਤਿਗੁਰਾਂ ਦੇ ਪੀਣਯੋਗ ਹੈ। ਜੇਕਰ ਸਤਿਗੁਰੂ ਪਹਿਲਾਂ ਇਹ ਜਲ ਪੀ ਲੈਣ ਤਾਂ ਬਾਅਦ ਵਿਚ ਅਸੀਂ ਇਸ ਜਲ ਨੂੰ ਗ੍ਰਹਿਣ ਕਰੀਏ। ਪੁੱਤਰ ਦੇ ਬਚਨ ਸੁਣ ਕੇ ਭਾਈ ਸਾਧੂ ਨੂੰ ਵੀ ਪ੍ਰੇਮ ਆ ਗਿਆ। ਉਨ੍ਹਾਂ ਅੱਖਾਂ ਮੀਟ ਕੇ ਸਤਿਗੁਰੂ ਦਾ ਧਿਆਨ ਕੀਤਾ ਤੇ ਮੁੜ ਦੋਵੇਂ ਜਣੇ ਉਸੇ ਤਰ੍ਹਾਂ ਆਪਣੇ ਕੰਮ 'ਚ ਜੁੱਟ ਗਏ। ਆਪਣੇ  ਹਿਰਦੇ (ਮਨ) ਅੰਦਰ ਪੱਕਾ ਇਰਾਦਾ ਕਰ ਲਿਆ ਕਿ ਜੋ ਪਹਿਲਾਂ ਇਸ ਸੀਤਲ ਜਲ ਨੂੰ ਗੁਰੂ ਜੀ ਆਣ ਕੇ ਪੀਣਗੇ ਤਾਂ ਉਹ ਪਾਣੀ ਗ੍ਰਹਿਣ ਕਰਨਗੇ ਪਰ ਜਦੋਂ ਦੋ ਕੁ ਘੜੀਆਂ ਹੋਰ ਬੀਤੀਆਂ ਤਾਂ ਤੇਹ ਨੇ ਬਹੁਤ ਹੀ ਮਨ ਨੂੰ ਵਿਆਕੁਲ ਕੀਤਾ ਪਰ ਪ੍ਰਤਿੱਗਿਆ ਕਰ ਚੁੱਕੇ ਸਨ। ਬੜੇ ਘਬਰਾਏ ਪਰ ਪਾਣੀ ਨੂੰ ਹੱਥ ਤਕ ਨਾ ਲਾਇਆ। ਪਾਣੀ ਦੀ ਪਿਆਸ ਕਾਰਨ ਕੰਮ ਕਰਨਾ ਵੀ ਬਹੁਤ ਮੁਸ਼ਕਿਲ ਹੋ ਗਿਆ, ਅੰਤ ਬੜੇ ਹੀ ਘਬਰਾ ਕੇ ਜੰਡ ਦੀ ਛਾਂ ਹੇਠ ਬੈਠ ਗਏ ਤੇ ਬੇਸੁਰਤ ਹੋ ਗਏ। ਉਸ ਸਮੇਂ ਛੇਵੇਂ ਪਾਤਸ਼ਾਹ ਗੁਰੂ ਜੀ ²ਡਰੋਲੀ ਵਿਖੇ ਆਪਣੇ ਸੇਵਕ ਸਾਈਂ ਦਾਸ ਦੇ ਘਰ ਬੈਠੇ ਸਨ, ਜਦ ਗੁਰੂ ਜੀ ਨੂੰ ਆਪਣੇ ਸੇਵਕ ਭਾਈ ਰੂਪੇ ਦੇ ਵਿਆਕੁਲਪੁਣੇ ਦੀ ਖਿੱਚ ਪਹੁੰਚੀ ਤਾਂ ਗੁਰੂ ਜੀ ਨੇ ਸੇਵਕ ਨੂੰ ਆਵਾਜ਼ ਦਿੱਤੀ, ਉਨ੍ਹਾਂ ਦਾ ਘੋੜਾ ਲਿਆਓ। ਗੁਰੂ ਜੀ ਕੜਕਦੀ ਦੁਪਹਿਰ ਵਿਚ ਘੋੜੇ 'ਤੇ ਪਾਲਕੀ ਮਾਰ ਕੇ ਦੇਖਦਿਆਂ-ਦੇਖਦਿਆਂ ਦੂਰ ਨਿਕਲ ਗਏ। ਗੁਰੂ ਜੀ ਬਹੁਤ ਛੇਤੀ ਤੀਹ ਕੋਹ ਪੈਂਡਾ ਤਹਿ ਕਰਕੇ ਆਪਣੇ ਸੇਵਕਾਂ ਕੋਲ ਪਹੁੰਚੇ। ਅੱਗੇ ਦੋਵੇਂ ਪਿਓ-ਪੁੱਤਰ ਤੇਹ ਨਾਲ ਵਿਆਕੁਲ ਬੈਠੇ ਦੇਖੇ। ਪਾਸ ਜਾ ਕੇ ਆਵਾਜ਼ ਦਿੱਤੀ ਜੀ ਬੜੀ ਤੇਹ ਲੱਗੀ ਹੈ, ਠੰਡਾ ਜਲ ਛਕਾਓ।
ਭਾਈ ਰੂਪੇ ਨੇ ਜਦ ਸਿਰ ਚੁੱਕ ਕੇ ਦੇਖਿਆ ਤਾਂ ਗੁਰੂ ਜੀ ਦੇ ਚਰਨਾਂ 'ਤੇ ਸਿਰ ਰੱਖਿਆ ਪਰ ਪ੍ਰੇਮ ਦੇ ਅਥਰੂ ਭਰ ਗਏ। ਛੇਤੀ ਨਾਲ ਜਲ ਦਾ ਕਟੋਰਾ ਭਰ ਕੇ ਗੁਰੂ ਜੀ ਦੇ ਅੱਗੇ ਕੀਤਾ। ਗੁਰੂ ਜੀ ਨੇ ਆਪ ਸੀਤਲ ਜਲ ਗ੍ਰਹਿਣ ਕਰਕੇ ਬਹੁਤ ਸਲਾਹਿਆ ਤੇ ਦੋਹਾਂ ਪਿਓ-ਪੁੱਤਰ ਨੂੰ ਵੀ ਆਪਣੇ ਹੱਥੀਂ ਜਲ ਛਕਾ ਕੇ ਆਖਿਆ ਇਹ ਸਾਡੇ ਵਸਤਰ ਕੋਲ ਰੱਖੋ, ਤੁਹਾਡੀ ਜ਼ੁਬਾਨ ਹੀ ਤਲਵਾਰ ਹੋਵੇਗੀ। ਦੋ ਵੇਲੇ ਦੇਗ ਚਲਾਓ, ਗੁਰਸਿੱਖੀ ਦਾ ਪ੍ਰਚਾਰ ਕਰੋ। ਭਾਈ ਸਾਧੂ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਨਗਰ ਦੇ ਲੋਕ ਉਨ੍ਹਾਂ ਨਾਲ ਬਹੁਤ ਈਰਖਾ ਕਰਦੇ ਹਨ। ਗੁਰੂ ਜੀ ਬੋਲੇ, ਤੁਸੀਂ ਆਪਣਾ ਵੱਖਰਾ ਨਗਰ ਹੀ ਵਸਾ ਲਓ।
ਉਸ ਸਮੇਂ ਹੀ ਗੁਰੂ ਜੀ ਆਪਣੇ ਦੋਵੇਂ ਸੇਵਕਾਂ ਸਮੇਤ ਉਥੋਂ ਤੁਰ ਕੇ ਚਾਰ ਕੋਹ ਦੂਰ ਆ ਗਏ, ਉਥੇ ਸੁੰਦਰ ਜਗ੍ਹਾ ਦੇਖ ਕੇ ਗੁਰੂ ਜੀ ਨੇ ਕਿਹਾ ਕਿ ਇਥੇ ਨਵਾਂ ਨਗਰ ਬੰਨ੍ਹੋ, ਨਗਰ ਦਾ ਨਾਮ ਭਾਈ ਰੂਪੇ ਕਾ ਰੱਖਣਾ। ਗੁਰੂ ਜੀ ਨੇ ਆਪਣੇ ਸੇਵਕਾਂ ਕੋਲ ਹੀ ਰਾਤ ਕੱਟੀ। ਗੁਰੂ ਜੀ ਨੇ ਸੀਤਲ ਜਲ ਪੀਣ ਸਮੇਂ ਉਥੇ ਖੜ੍ਹੇ ਜਿਸ ਜੰਡ ਸਾਹਿਬ ਨਾਲ ਆਪਣਾ ਘੋੜਾ ਬੰਨ੍ਹਿਆ ਸੀ, ਉਸ ਜਗ੍ਹਾ 'ਤੇ ਅੱਜ ਵੀ ਉਹ ਜੰਡ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ 'ਤੇ ਬਣੇ ਇਤਿਹਾਸਕ ਗੁਰਦੁਆਰੇ ਦਾ ਨਾਂ ਵੀ ਗੁਰਦੁਆਰਾ ਜੰਡ ਸਾਹਿਬ ਵਜੋਂ ਜਾਣਿਆ ਜਾਂਦਾ ਹੈ। ਇਸ ਅਸਥਾਨ ਦੀ ਸੇਵਾ-ਸੰਭਾਲ ਪਿਛਲੇ ਕਰੀਬ 25-30 ਸਾਲਾਂ ਤੋਂ ਸ਼੍ਰੋਮਣੀ ਖਾਲਸਾ ਬੁੱਢਾ ਦਲ 96 ਕਰੋੜੀ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਦੇ ਹੁਕਮਾਂ ਸਦਕਾ ਹੀ ਮੁੱਖ ਸੇਵਾਦਾਰ ਬਾਬਾ ਕਿੱਕਰ ਸਿੰਘ ਤੇ ਸੁਰਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਇਸ ਅਸਥਾਨ ਦੇ ਸੇਵਾਦਾਰ ਤਰਸੇਮ ਸਿੰਘ ਸੇਮਾ ਨੇ ਦੱਸਿਆ ਕਿ ਇਸ ਅਸਥਾਨ 'ਤੇ ਮੱਸਿਆ, ਸੰਗਰਾਂਦ, ਦਸਮੀ, ਮਾਘੀ, ਵਿਸਾਖੀ ਤੇ ਛੇਵੇਂ ਪਾਤਸ਼ਾਹ ਜੀ ਦਾ ਦਿਹਾੜਾ ਬੜੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ।