ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸਬੰਧਤ ਗੁਰਦੁਆਰਾ ਹੀਰਾ ਘਾਟ
ਗੁਰਦੁਆਰਾ ਹੀਰਾ ਘਾਟ ਗੋਦਾਵਰੀ ਨਦੀ ਦੇ ਕਿਨਾਰੇ ਸਥਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸਬੰਧਤ  ਉਹ ਪਵਿੱਤਰ ਅਸਥਾਨ ਹੈ, ਜਿਥੇ ਗੁਰੂ ਸਾਹਿਬ ਨੇ ਬਾਦਸ਼ਾਹ ਬਹਾਦਰ ਸ਼ਾਹ ਦਾ ਹੰਕਾਰ ਦੂਰ ਕੀਤਾ ਸੀ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਨਗੀਨਾ ਘਾਟ ਨਾਲ ਮਿਲਦਾ-ਜੁਲਦਾ ਹੈ। ਜਿਵੇਂ ਗੁਰਦੁਆਰਾ ਨਗੀਨਾ ਘਾਟ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਕ ਵਣਜਾਰੇ ਸਿੱਖ 'ਤੇ ਕਿਰਪਾ ਕਰਦੇ ਹੋਏ ਉਸ ਦੇ ਮਨ ਦਾ ਹੰਕਾਰ ਦੂਰ ਕੀਤਾ ਸੀ, ਬਿਲਕੁਲ ਉਸੇ ਤਰ੍ਹਾਂ ਇਸ ਗੁਰਦੁਆਰਾ ਸਾਹਿਬ 'ਚ ਵੀ ਬਾਦਸ਼ਾਹ ਬਹਾਦਰ ਸ਼ਾਹ ਦੇ ਮਨ ਦਾ ਹੰਕਾਰ ਦੂਰ ਕੀਤਾ ਸੀ।
ਇਹ ਅਸਥਾਨ ਸ੍ਰੀ ਹਜ਼ੂਰ ਸਾਹਿਬ ਤੋਂ ਲੱਗਭਗ 12 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਪਿੰਡ ਬਾਹਮਣਵਾੜਾ ਦੇ ਨੇੜੇ ਗੋਦਾਵਰੀ ਨਦੀ ਦੇ ਕਿਨਾਰੇ 'ਤੇ ਬਹੁਤ ਹੀ ਰਮਣੀਕ ਥਾਂ 'ਤੇ ਇਹ ਅਸਥਾਨ ਸੁਸ਼ੋਭਿਤ ਹੈ। ਦੱਸਿਆ ਜਾਂਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਦੇਸ਼ ਵੱਲ ਆਏ ਸਨ ਤਾਂ ਬਸਮਤ ਨਗਰ ਤੋਂ ਚੱਲ ਕੇ ਇਸੇ ਥਾਂ 'ਤੇ ਪੜਾਅ ਕੀਤਾ ਸੀ। ਇਹ ਜਗ੍ਹਾ ਬਹੁਤ ਗੁਰੂ ਸਾਹਿਬ ਨੂੰ ਬਹੁਤ ਹੀ ਚੰਗੀ ਲੱਗੀ ਅਤੇ ਇਥੇ ਪੜਾਅ ਕਰਨ ਦਾ ਹੁਕਮ ਦਿੱਤਾ। ਕਿਹਾ ਜਾਂਦਾ ਹੈ ਕਿ ਗੁਰੂ ਜੀ ਕੁਝ ਦਿਨ ਇਥੇ ਹੀ ਰਹੇ। ਇਕ ਦਿਨ ਜਦੋਂ ਗੁਰੂ ਜੀ ਦਾ ਦਰਬਾਰ ਸਜਿਆ ਹੋਇਆ ਸੀ ਅਤੇ ਸੰਗਤਾਂ ਕੀਰਤਨ ਦਾ ਆਨੰਦ ਮਾਣ ਰਹੀਆਂ ਸਨ ਤਾਂ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਇਥੇ ਆ ਪੁੱਜਾ। ਅਸਲ 'ਚ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਸੀ। ਪਿਛਲੇ ਅੰਕਾਂ 'ਚ ਅਸੀਂ ਆਪ ਜੀ ਨੂੰ ਇਹ ਗੱਲ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਬਹਾਦਰ ਸ਼ਾਹ ਨੂੰ ਦਿੱਲੀ ਦੇ ਤਖਤ ਤੱਕ ਪਹੁੰਚਾਉਣ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਭ ਤੋਂ ਵੱਡਾ ਯੋਗਦਾਨ ਸੀ, ਇਸ ਲਈ ਉਹ ਗੁਰੂ ਸਾਹਿਬ ਦੀ ਬਹੁਤ ਕਦਰ ਕਰਦਾ ਸੀ।
ਬਾਦਸ਼ਾਹ ਵੱਡੀ ਗਿਣਤੀ 'ਚ ਆਪਣੀਆਂ ਫੌਜਾਂ ਸਮੇਤ ਗੁਰੂ ਜੀ ਬਾਰੇ ਪਤਾ ਕਰਦਾ ਹੋਇਆ ਇਸ ਥਾਂ 'ਤੇ ਆ ਪੁੱਜਾ। ਗੁਰੂ ਸਾਹਿਬ ਦਾ ਦੀਵਾਨ ਸਜਿਆ ਹੋਇਆ ਸੀ। ਬਹਾਦਰ ਸ਼ਾਹ ਮਨ 'ਚ ਸੋਚ ਰਿਹਾ ਸੀ ਕਿ ਗੁਰੂ ਜੀ ਨੂੰ ਕਿਹੜੀ ਭੇਟਾ ਦੇਈਏ। ਉਸ ਦੇ ਕੋਲ ਇਕ ਬਹੁਤ ਹੀ ਕੀਮਤੀ ਹੀਰਾ ਸੀ, ਜਿਸ ਨੂੰ ਉਹ ਬਹੁਤ ਸਾਂਭ ਕੇ ਰੱਖਦਾ ਸੀ। ਉਸ ਨੇ ਸੋਚਿਆ ਕਿ ਉਹ ਗੁਰੂ ਜੀ ਨੂੰ ਇਹ ਕੀਮਤੀ ਹੀਰਾ ਹੀ ਭੇਟ ਕਰੇਗਾ। ਉਸ ਦੇ ਮਨ 'ਚ ਇਹ ਗੱਲ ਆਈ ਕਿ ਗੁਰੂ ਜੀ ਉਸ ਦਾ ਹੀਰਾ ਭੇਟਾ ਵਜੋਂ ਕਬੂਲ ਕਰਕੇ ਬਹੁਤ ਖੁਸ਼ ਹੋਣਗੇ। ਆਪਣੇ ਹੀਰੇ ਨੂੰ ਲੈ ਕੇ ਉਸ ਦੇ ਮਨ 'ਚ ਹੰਕਾਰ ਵੀ ਪੈਦਾ ਹੋ ਗਿਆ। ਜਦੋਂ ਤੱਕ ਉਹ ਦਰਬਾਰ 'ਚ ਪਹੁੰਚਿਆ, ਉਦੋਂ ਤੱਕ ਉਸ ਦੇ ਮਨ 'ਚ ਇਹ ਭਾਵਨਾ ਪ੍ਰਬਲ ਹੋ ਗਈ ਕਿ ਉਸ ਤੋਂ ਵੱਡਾ ਗੁਰੂ ਜੀ ਦਾ ਸ਼ਰਧਾਲੂ ਹੋਰ ਕੌਣ ਹੋ ਸਕਦਾ ਹੈ ਕਿਉਂਕਿ ਉਸ ਨੇ ਗੁਰੂ ਜੀ ਨੂੰ ਇੰਨਾ ਕੀਮਤੀ ਹੀਰਾ ਜੋ ਭੇਟ ਕਰਨਾ ਹੈ। ਗੁਰੂ ਸਾਹਿਬ ਘਟ-ਘਟ ਦੀ ਜਾਣਨ ਵਾਲੇ ਹਨ। ਭਾਵੇਂ ਬਹਾਦਰ ਸ਼ਾਹ ਸ਼ਰਧਾ ਧਾਰ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਸੀ ਪਰ ਉਸ ਦਾ ਜੋ ਹੰਕਾਰ ਹੈ, ਉਹ ਉਸ ਦਾ ਨੁਕਸਾਨ ਕਰਨ ਵਾਲਾ ਸੀ। ਇਸੇ ਲਈ ਗੁਰੂ ਜੀ ਨੇ ਉਸ ਦਾ ਹੰਕਾਰ ਦੂਰ ਕਰਨ ਦੀ ਸੋਚੀ। ਸਤਿਗੁਰੂ ਨੂੰ ਇਹ ਗੱਲ ਪਹਿਲਾਂ ਹੀ ਪਤਾ ਸੀ ਕਿ ਕੀ ਘਟਨਾ ਵਾਪਰੇਗੀ।
ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਫੇਰ ਬਹੁਤ ਅਦਬ ਅਤੇ ਸ਼ਰਧਾ ਨਾਲ ਉਹ ਕੀਮਤੀ ਹੀਰਾ ਗੁਰੂ ਜੀ ਨੂੰ ਭੇਟ ਕਰ ਦਿੱਤਾ। ਹੁਣ ਉਹ ਇਹ ਦੇਖਣਾ ਚਾਹੁੰਦਾ ਸੀ ਕਿ ਗੁਰੂ ਜੀ ਉਸ ਦੀ ਕਿੰਨੀ ਤਾਰੀਫ ਕਰਦੇ ਹਨ ਪਰ ਇਹ ਕੀ, ਗੁਰੂ ਜੀ ਨੇ ਤਾਂ ਉਸ ਕੋਲੋਂ ਹੀਰਾ ਲੈਂਦੇ ਸਾਰ ਵਗਾਹ ਕੇ ਗੋਦਾਵਰੀ ਨਦੀ 'ਚ ਮਾਰਿਆ। ਇਹ ਵੇਖ ਕੇ ਬਹਾਦਰ ਸ਼ਾਹ ਨੂੰ ਮਨ ਵਿਚ ਕਾਫੀ ਕ੍ਰੋਧ ਆਇਆ ਕਿ ਉਸ ਬਾਦਸ਼ਾਹ ਦਾ ਦਿੱਤਾ ਹੋਇਆ ਇੰਨਾ ਕੀਮਤੀ ਹੀਰਾ ਗੁਰੂ ਜੀ ਨੇ ਨਦੀ 'ਚ ਕਿਉਂ ਸੁੱਟ ਦਿੱਤਾ ਹੈ। ਉਹ ਮਨ 'ਚ ਸੋਚਣ ਲੱਗਾ ਕਿ ਗੁਰੂ ਜੀ ਨੂੰ ਤਾਂ ਹੀਰਿਆਂ ਦੀ ਕਦਰ ਹੀ ਨਹੀਂ ਹੈ। ਗੁਰੂ ਜੀ ਨੇ ਉਸ ਹੀਰੇ ਨੂੰ ਚੰਗੀ ਤਰ੍ਹਾਂ ਵੇਖਿਆ ਵੀ ਨਹੀਂ ਸੀ। ਜਦੋਂ ਬਾਦਸ਼ਾਹ ਨੇ ਆਪਣੇ ਮਨ 'ਚ ਇਹ ਗੱਲ ਸੋਚੀ ਕਿ ਗੁਰੂ ਜੀ ਨੂੰ ਹੀਰਿਆਂ ਦੀ ਕਦਰ ਨਹੀਂ ਤਾਂ ਗੁਰੂ ਜੀ ਨੇ ਭਰੀ ਸੰਗਤ 'ਚ ਬੁਲੰਦ ਆਵਾਜ਼ 'ਚ ਕਿਹਾ, ''ਬਹਾਦਰ ਸ਼ਾਹ ਜੇਕਰ ਇਹ ਹੀਰਾ ਤੈਨੂੰ ਇੰਨਾ ਹੀ ਪਿਆਰਾ ਸੀ ਤਾਂ ਜਾਹ ਗੋਦਾਵਰੀ 'ਚੋਂ ਪਛਾਣ ਕੇ ਆਪਣਾ ਹੀਰਾ ਚੁੱਕ ਲਿਆ ਕਿਉਂਕਿ ਇਸ ਖ਼ਜ਼ਾਨੇ 'ਚ ਤਾਂ ਬੇਅੰਤ ਹੀਰੇ ਪਏ ਹਨ''।
ਇਹ ਸੁਣ ਕੇ ਬਾਦਸ਼ਾਹ ਬਹਾਦਰ ਸ਼ਾਹ ਤੁਰੰਤ ਦੌੜ ਕੇ ਗੋਦਾਵਰੀ ਨਦੀ ਦੇ ਕਿਨਾਰੇ 'ਤੇ ਪਹੁੰਚਿਆ ਅਤੇ ਇਹ ਵੇਖ ਕੇ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਗੋਦਾਵਰੀ ਨਦੀ 'ਚ ਉਸ ਨਾਲੋਂ ਵੀ ਕੀਮਤੀ ਹੀਰੇ ਪਾਣੀ 'ਚ ਵਗ ਰਹੇ ਸਨ। ਉਹ ਇੰਨੇ ਹੀਰਿਆਂ 'ਚੋਂ ਆਪਣੇ ਹੀਰੇ ਦੀ ਪਛਾਣ ਨਾ ਕਰ ਸਕਿਆ ਕਿਉਂਕਿ ਉਸ ਤੋਂ ਕਿਤੇ ਜ਼ਿਆਦਾ ਕੀਮਤੀ ਹੀਰੇ ਉਸ ਦੇ ਸਾਹਮਣੇ ਗੋਦਾਵਰੀ 'ਚ ਵਗਦੇ ਪਏ ਸਨ। ਬਾਦਸ਼ਾਹ ਬਹਾਦਰ ²ਸ਼ਾਹ ਸਮਝ ਗਿਆ ਕਿ ਗੁਰੂ ਸਾਹਿਬ ਦੀਨ ਦੁਨੀਆ ਦੇ ਮਾਲਕ ਹਨ ਅਤੇ ਇਹ ਹੀਰੇ ਤਾਂ ਗੁਰਾਂ ਦੇ ਚਰਨਾਂ ਵਿਚ ਪਏ ਰੁਲਦੇ ਹਨ। ਉਹ ਉਥੋਂ ਵਾਪਸ ਆ ਕੇ ਗੁਰੂ ਜੀ ਦੇ ਚਰਨਾਂ 'ਤੇ ਢਹਿ ਪਿਆ ਅਤੇ ਰੋ-ਰੋ ਕੇ ਗਿੜਗਿੜਾ ਕੇ ਮੁਆਫੀਆਂ ਮੰਗਣ ਲੱਗਾ। ਉਸ ਨੇ ਕਿਹਾ, ''ਸੱਚੇ ਪਾਤਿਸ਼ਾਹ ਮੈਨੂੰ ਨਹੀਂ ਸੀ ਪਤਾ ਕਿ ਤੁਹਾਡੇ ਖ਼ਜ਼ਾਨੇ ਵਿਚ ਇੰਨੇ ਬੇਸ਼ਕੀਮਤੀ ਹੀਰੇ ਪਏ ਹਨ, ਮੈਂ ਆਪਣੇ ਇਕ ਹੀਰੇ 'ਤੇ ਮਾਣ ਕਰ ਰਿਹਾ ਸੀ। ਮੈਨੂੰ ਮੁਆਫ ਕਰ ਦਿਓ''। ਗੁਰੂ ਸਾਹਿਬ ਨੇ ਇਸ ਤਰ੍ਹਾਂ ਬਾਦਸ਼ਾਹ ਨੂੰ ਮੁਆਫ ਕੀਤਾ ਅਤੇ ਉਸ ਦਾ ਹੰਕਾਰ ਦੂਰ ਕਰ ਦਿੱਤਾ।
ਇਸ ਦੇ ਨਾਲ ਹੀ ਇਸ ਇਲਾਕੇ ਵਿਚ ਇਕ ਹੋਰ ਰਵਾਇਤ ਵੀ ਪ੍ਰਚੱਲਿਤ ਹੈ ਕਿ ਬਾਦਸ਼ਾਹ ਬਹਾਦਰ ਸ਼ਾਹ ਗੁਰੂ ਜੀ ਨੂੰ ਇਹ ਹੀਰਾ ਭੇਟ ਕਰਕੇ ਉਸ ਬੇਸ਼ਕੀਮਤੀ (ਬਾਬਾ ਬੰਦਾ ਸਿੰਘ ਬਹਾਦਰ) ਨੂੰ ਪੰਜਾਬ ਵਿਚੋਂ ਵਾਪਸ ਬੁਲਾਉਣ ਦੀ ਇੱਛਾ ਤੇ ਸੁਪਨਾ ਲੈ ਕੇ ਗੁਰੂ ਜੀ ਕੋਲ ਹਾਜ਼ਰ ਹੋਇਆ ਸੀ। ਅਸਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਤੋਂ ਬਹਾਦਰ ਸ਼ਾਹ ਚੰਗੀ ਤਰ੍ਹਾਂ ਜਾਣੂੰ ਸੀ ਤੇ ਉਸ ਨੂੰ ਪਤਾ ਸੀ ਕਿ ਬਾਬਾ ਜੀ ਨੇ ਪੰਜਾਬ ਵਿਚ ਜਾ ਕੇ ਮੁਗਲਾਂ ਦੀ ਜੜ੍ਹ ਪੁੱਟ ਸੁੱਟਣੀ ਹੈ। ਇਥੋਂ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਇਸੇ ਲਈ ਬਹਾਦਰ ਸ਼ਾਹ ਗੁਰੂ ਨੂੰ ਜੀ ਇਹ ਹੀਰਾ ਭੇਟ ਕਰਨ ਆਇਆ ਸੀ ਤਾਂ ਜੋ ਗੁਰੂ ਜੀ ਇਹ ਹੀਰਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋਂ ਵਾਪਸ ਬੁਲਾ ਲੈਣ ਅਤੇ ਉਥੇ ਮੁਗਲਾਂ ਦੀ ਹੋਣ ਵਾਲੀ ਬਰਬਾਦੀ ਰੁਕ ਸਕੇ। ਇਸ ਸਬੰਧੀ ਕਿਸੇ ਇਤਿਹਾਸਿਕ ਤੱਥ ਤੋਂ ਤਾਂ ਪੁਸ਼ਟੀ ਨਹੀਂ ਹੁੰਦੀ ਕਿਉਂਕਿ ਸ੍ਰੀ ਹਜ਼ੂਰ ਸਾਹਿਬ ਪਹੁੰਚਣ ਤੱਕ ਬਾਦਸ਼ਾਹ ਬਹਾਦਰ ਸ਼ਾਹ ਗੁਰੂ ਜੀ ਪ੍ਰਤੀ ਬਹੁਤ ਸ਼ਰਧਾ ਵਾਲਾ ਭਾਵ ਰੱਖਦਾ ਸੀ ਤੇ ਉਸ ਨੇ ਗੁਰੂ ਜੀ ਨੂੰ ਖਿਲਅਤ ਵੀ ਭੇਟ ਕੀਤੀ ਸੀ। ਪਿਆਰੇ ਪਾਠਕੋ! ਜਿਸ ਥਾਂ 'ਤੇ ਇਹ ਘਟਨਾ ਵਾਪਰੀ, ਉਥੇ ਅੱਜਕਲ ਗੁਰਦੁਆਰਾ ਹੀਰਾ ਘਾਟ ਸਾਹਿਬ ਸੁਸ਼ੋਭਿਤ ਹੈ। ਇਥੇ ਪੁੱਜਣ ਲਈ ਤਖਤ ਸੱਚਖੰਡ ਤੋਂ ਹਿੰਗੋਲੀ ਗੇਟ ਜਾਂ ਬਾਫਨਾ ਚੌਕ ਰਾਹੀਂ ਹਿੰਗੋਲੀ ਰੋਡ ਨੂੰ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਏਅਰਪੋਰਟ ਦੇ ਨੇੜਿਓਂ ਦੀ ਗੁਰਦੁਆਰਾ ਮਾਲ ਟੇਕੜੀ ਸਾਹਿਬ ਵਾਲੇ ਰਸਤੇ ਤੋਂ ਹੋ ਕੇ ਪਹੁੰਚਿਆ ਜਾ ਸਕਦਾ ਹੈ। ਗੁਰਦੁਆਰਾ ਹੀਰਾ ਘਾਟ ਗੁਰਦੁਆਰਾ ਮਾਲ ਟੇਕੜੀ ਤੋਂ 3-4 ਕਿਲੋਮੀਟਰ ਹੀ ਦੂਰ ਹੈ। ਦਿਲਚਸਪ ਗੱਲ ਇਹ ਹੈ ਕਿ ਇਥੇ ਅਜੇ ਵੀ ਹੀਰਿਆਂ ਵਰਗੇ ਪੱਥਰ ਨਦੀ 'ਚ ਅਕਸਰ ਹੀ ਦੇਖਣ ਨੂੰ ਮਿਲਦੇ ਹਨ। ਕੁਝ ਚਾਲਕ ਲੋਕ ਲੋਕਾਂ ਦੀ ਸ਼ਰਧਾ ਦਾ ਫਾਇਦਾ ਉਠਾਉਂਦੇ ਹੋਏ ਇਹ ਹੀਰਿਆਂ ਵਰਗੇ ਪੱਥਰ ਲੋਕਾਂ ਨੂੰ ਵੇਚ ਜਾਂਦੇ ਹਨ। ਇਸ ਸਬੰਧੀ ਪ੍ਰਬੰਧਕਾਂ ਵਲੋਂ ਥਾਂ-ਥਾਂ 'ਤੇ ਬੋਰਡ ਲਿਖ ਕੇ ਲਗਾਏ ਹੋਏ ਹਨ ਕਿ ਕਿਸੇ ਤੋਂ ਇਹ ਪੱਥਰ ਨਾ ਖਰੀਦੇ ਜਾਣ ਕਿਉਂਕਿ ਇਹ ਪੱਥਰ ਤਾਂ ਨਦੀ ਵਿਚ ਆਮ ਹੀ ਪਏ ਹਨ। ਅੱਜ ਵੀ ਜਦੋਂ ਕਦੇ ਗੁਰਦੁਆਰਾ ਹੀਰਾ ਘਾਟ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਥੇ ਪਏ ਹੀਰੇ ਵਰਗੇ ਚਮਕਦੇ ਇਨ੍ਹਾਂ ਪੱਥਰਾਂ ਨੂੰ ਦੇਖ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੌਤਕਾਂ ਤੋਂ ਬਲਿਹਾਰੇ ਜਾਣ ਨੂੰ ਜੀਅ ਕਰਦਾ ਹੈ।