ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਹਾਰਾਸ਼ਟਰ ਚ ਆਏ ਸਨ ਤਾਂ ਸਭ ਤੋਂ ਪਹਿਲਾਂ ਗੁਰੂ ਜੀ ਨੇ ਜਿਸ ਸਥਾਨ 'ਤੇ ਆਪਣੇ ਪਾਵਨ ਚਰਨ ਪਾਏ, ਉਸ ਜਗ੍ਹਾ 'ਤੇ ਅੱਜਕੱਲ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜੀ ਬਸਮਤ ਨਗਰ ਸਥਿਤ ਹੈ। ਗੁਰੂ ਜੀ ਦੇ ਨਾਲ ਦੋ ਪਿਆਰੇ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਅਤੇ ਕੁਝ ਸਿੰਘ ਵੀ ਸਨ। ਅਸੀਂ ਕਹਿ ਸਕਦੇ ਹਾਂ ਕਿ ਬਹਾਦਰ ਸ਼ਾਹ ਨੂੰ ਜਾਜਉ ਵਿਖੇ ਲੜਾਈ 'ਚ ਮਦਦ ਦੇ ਕੇ ਤੇ ਉਸ ਨੂੰ ਦਿੱਲੀ ਦਾ ਬਾਦਸ਼ਾਹ ਬਣਾਉਣ ਤੋਂ ਬਾਅਦ ਗੁਰੂ ਜੀ ਜਦੋਂ ਹੌਲੀ-ਹੌਲੀ ਚਲਦੇ ਹੋਏ ਮਹਾਰਾਸ਼ਟਰ 'ਚ ਪਹੁੰਚੇ ਤਾਂ ਬਸਮਤ ਨਗਰ ਵਾਲੀ ਥਾਂ ਦੀ ਖੂਬਸੂਰਤੀ ਅਤੇ ਕੁਦਰਤੀ ਸੁਹਾਵਣਾ ਸ਼ਾਂਤ ਵਾਤਾਵਰਣ ਦੇਖ ਕੇ ਇਥੇ ਹੀ ਠਹਿਰ ਗਏ ਸਨ। ਇਹ ਗੱਲ 1708 ਈਸਵੀ ਦੀ ਹੈ। ਗੁਰੂ ਜੀ ਨੇ ਇਥੇ ਹੀ ਪੜਾਅ ਕਰਨ ਦਾ ਫੈਸਲਾ ਕੀਤਾ। ਆਲੇ-ਦੁਆਲੇ ਫੁੱਲਾਂ-ਫਲਾਂ ਦੇ ਬਗੀਚੇ ਅਤੇ ਬਾਗ ਮਨ ਨੂੰ ਮੋਹ ਰਹੇ ਸਨ। ਇਸ ਲਈ ਕੁਦਰਤ ਨੂੰ ਪ੍ਰੇਮ ਕਰਨ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਥਾਂ 'ਤੇ ਕੁਝ ਦਿਨ ਵਿਸ਼ਰਾਮ ਕਰਨ ਦਾ ਫੈਸਲਾ ਕੀਤਾ। ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਦਮਦਮਾ ਸਾਹਿਬ ਜੀ ਇਸ ਲਈ ਵੀ ਪਿਆ ਕਿਉਂਕਿ ਗੁਰੂ ਜੀ ਨੇ ਦੱਖਣ ਦੇਸ਼ 'ਚ ਇਥੇ ਹੀ ਆ ਕੇ ਵਿਸ਼ਰਾਮ ਕੀਤਾ।
ਇਸ ਸਬੰਧੀ ਚੂੜਾਮਣੀ ਕਵੀ ਸੰਤੋਖ ਸਿੰਘ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਜੀ 'ਚ ਜ਼ਿਕਰ ਕਰਦੇ ਹਨ :
''ਬਸਮਤ ਨਗਰ ਬਿਲੋਕ ਬਿਸਾਲਾ। ਤਿਸ ਕੇ ਨਿਕਟ ਸਿਵਰ ਕੋ ਘਾਲਾ।
ਆਠ ਦਿਵਸ ਤਹਿ ਕੋ ਮਕਾਮੂ। ਸੰਗਤ ਕੋ ਪਿਖਹ ਤਮਾਮੂ।
ਅਨਿਕ ਅਕੋਰਨ ਕੋ ਅਰਪੰਤੇ। ਚਰਨ ਕਮਲ ਪਰ ਸੀਸ ਧਰੰਤੇ।
ਦੂਰ ਕੇ ਨੇਰ ਸੁਨਹ ਗੁਰ ਆਏ। ਸਿੱਖ ਹੋ ਹੁਤੇ ਆਨ ਦਰਸਾਏ।''
ਜਿਉਂ-ਜਿਉਂ ਆਸ-ਪਾਸ ਦੇ ਲੋਕਾਂ ਨੂੰ ਪਤਾ ਚਲਦਾ ਗਿਆ ਕਿ ਇਥੇ ਮਹਾਨ ਤਪੱਸਵੀ ਅਤੇ ਰੱਬ ਦੇ ਪਿਆਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਹੋਏ ਹਨ ਤਾਂ ਲੋਕੀਂ ਹੁੰਮ-ਹੁਮਾ ਕੇ ਦਰਸ਼ਨਾਂ ਨੂੰ ਆਉਣ ਲੱਗ ਪਏ। ਲੋਕੀਂ ਭੇਟਾਵਾਂ ਲੈ ਕੇ ਗੁਰੂ ਜੀ ਦੇ ਚਰਨਾਂ 'ਚ ਹਾਜ਼ਰ ਹੋਣ ਲੱਗ ਪਏ ਅਤੇ ਸਾਰੇ ਹੀ ਮੂੰਹੋਂ ਮੰਗੀਆਂ ਮੁਰਾਦਾਂ ਪਾਉਣ ਲੱਗੇ। ਐਸਾ ਨੂਰਾਨੀ ਚਿਹਰਾ ਲੋਕਾਂ ਨੇ ਪਹਿਲਾਂ ਨਹੀਂ ਦੇਖਿਆ ਸੀ, ਇਸ ਲਈ ਲੋਕੀਂ ਅੱਗੇ ਤੋਂ ਅੱਗੇ ਹੋਰਨਾਂ ਸੰਗਤਾਂ ਨੂੰ ਵੀ ਦੱਸਦੇ ਗਏ ਅਤੇ ਸੰਗਤ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਗਈ। ਇਤਿਹਾਸਿਕ ਹਵਾਲਿਆਂ ਅਨੁਸਾਰ ਗੁਰੂ ਜੀ ਤਲਵੰਡੀ ਸਾਬੋ ਤੋਂ ਜਦੋਂ ਦੱਖਣ ਵੱਲ ਚੱਲੇ ਸਨ ਤਾਂ ਉਹ ਪੁਸ਼ਕਰ (ਅਜਮੇਰ), ਆਗਰਾ, ਉਜੈਨ, ਬੁਰਹਾਨਪੁਰ, ਨਾਗਪੁਰ, ਅਮਰਾਵਤੀ, ਅੰਕੋਲਾ ਅਤੇ ਹਿੰਗੋਲੀ ਆਦਿ ਥਾਵਾਂ ਨੂੰ ਹੁੰਦੇ ਹੋਏ 11 ਮਹੀਨੇ ਦਾ ਲੰਮਾ ਸਫਰ ਤੈਅ ਕਰਦੇ ਹੋਏ ਇਥੇ ਪਹੁੰਚੇ ਸਨ। ਇਸੇ ਲਈ ਇਥੇ ਵਿਸ਼ਰਾਮ ਕੀਤਾ। ਜ਼ਿਕਰਯੋਗ ਹੈ ਕਿ ਇਸ ਸਥਾਨ ਤੋਂ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੀ ਦੂਰੀ ਲਗਭਗ 40 ਕਿਲੋਮੀਟਰ ਹੈ। 8 ਦਿਨ ਇਸ ਥਾਂ 'ਤੇ ਵਿਸ਼ਰਾਮ ਕਰਨ ਮਗਰੋਂ ਗੁਰੂ ਜੀ ਨੇ ਆਪਣੀਆਂ ਫੌਜਾਂ ਸਮੇਤ ਨਾਂਦੇੜ ਵੱਲ ਨੂੰ ਚਾਲੇ ਪਾ ਦਿੱਤੇ ਕਿਉਂਕਿ ਨਾਂਦੇੜ ਹੀ ਉਹ ਜਗ੍ਹਾ ਸੀ, ਜਿਥੇ ਗੁਰੂ ਜੀ ਨੇ ਪਹੁੰਚਣਾ ਸੀ ਅਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਸੇ ਥਾਂ ਤੋਂ ਸਿੰਘ ਸਜਾ ਕੇ ਪੰਜਾਬ ਵੱਲ ਤੋਰਨਾ ਸੀ ਤਾਂ ਜੋ ਪੰਜਾਬ 'ਚੋਂ ਜ਼ੁਲਮ ਦਾ ਖਾਤਮਾ ਕੀਤਾ ਜਾ ਸਕੇ। ਇਸ ਗੁਰਦੁਆਰਾ ਸਾਹਿਬ ਤੱਕ ਜਾਣ ਲਈ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ  ਤੋਂ ਪ੍ਰਾਈਵੇਟ ਮਿੰਨੀ ਬੱਸਾਂ ਅਤੇ ਟੈਕਸੀਆਂ ਜਾਂਦੀਆਂ ਹਨ। ਸ਼੍ਰੀ ਹਜ਼ੂਰ ਸਾਹਿਬ ਜੀ ਜਾਣ ਵਾਲੀਆਂ ਸੰਗਤਾਂ ਨੂੰ ਇਸ ਗੁਰਧਾਮ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ।