ਗੁਰਦੁਆਰਾ ਭਜਨਗੜ੍ਹ ਸਾਹਿਬ ਗੋਦਾਵਰੀ ਨਦੀ ਦੇ ਕਿਨਾਰੇ 'ਤੇ ਸੁਸ਼ੋਭਿਤ ਉਹ ਪਵਿੱਤਰ ਅਸਥਾਨ ਹੈ, ਜਿਸ ਨੂੰ ਸੰਤ-ਮਹਾਪੁਰਸ਼ਾਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ  ਨਾਂਦੇੜ ਰਹਿੰਦੇ ਸਮੇਂ ਇਸ ਇਲਾਕੇ ਵਿਚ ਆਪਣੇ ਚਰਨ ਪਾਉਂਦੇ ਰਹੇ ਹਨ। ਇਹ ਅਸਥਾਨ ਗੁਰਦੁਆਰਾ ਲੰਗਰ ਸਾਹਿਬ ਅਤੇ ਗੁਰਦੁਆਰਾ ਨਗੀਨਾ ਘਾਟ ਤੋਂ ਥੋੜ੍ਹੀ ਹੀ ਦੂਰੀ 'ਤੇ ਸਥਿਤ ਹੈ।  ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੋਂ ਜੋ ਸਿੱਧੀ ਸੜਕ ਗੁਰਦੁਆਰਾ ਲੰਗਰ ਸਾਹਿਬ ਵੱਲ ਨੂੰ ਜਾਂਦੀ ਹੈ ਉਹ ਸੜਕ ਜਿਥੋਂ ਸੱਜੇ ਪਾਸੇ ਵੱਲ ਮੁੜਦੀ ਹੈ, ਬਿਲਕੁਲ ਉਸੇ ਥਾਂ 'ਤੇ ਖੱਬੇ ਪਾਸੇ ਗੋਦਾਵਰੀ ਨਦੀ ਦੇ ਬਿਲਕੁਲ ਕਿਨਾਰੇ 'ਤੇ ਇਹ ਗੁਰਦੁਆਰਾ ਭਜਨਗੜ੍ਹ ਸਾਹਿਬ ਸਥਿਤ ਹੈ। ਇਹੋ ਸੜਕ ਅੱਗੇ ਸੱਜੇ ਪਾਸੇ ਵੱਲ ਮੁੜ ਕੇ ਗੁਰਦੁਆਰਾ ਨਗੀਨਾਘਾਟ ਅਤੇ ਗੁਰਦੁਆਰਾ ਬੰਦਾਘਾਟ ਵੱਲ ਚਲੀ ਜਾਂਦੀ ਹੈ। ਇਹ ਸਾਰੇ ਅਸਥਾਨ ਗੋਦਾਵਰੀ ਨਦੀ ਦੇ ਕਿਨਾਰੇ 'ਤੇ ਬਣੇ ਹੋਏ ਹਨ।
ਉਪਲਬਧ ਇਤਿਹਾਸ ਅਨੁਸਾਰ ਇਸ ਪਵਿੱਤਰ ਅਸਥਾਨ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਾਇਆ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਤੋਂ ਉਚੇਚੇ ਤੌਰ 'ਤੇ ਚੱਲ ਕੇ ਸ਼੍ਰੀ ਹਜ਼ੂਰ ਸਾਹਿਬ ਵਿਖੇ ਆਏ ਅਤੇ ਇਥੇ ਤਖਤ ਸੱਚਖੰਡ ਸਾਹਿਬ ਦੀ ਸੁੰਦਰ ਇਮਾਰਤ ਤਾਮੀਰ ਕਰਵਾਈ ਤਾਂ ਉੁਨ੍ਹਾਂ ਗੋਦਾਵਰੀ ਨਦੀ ਦੇ ਕਿਨਾਰੇ 'ਤੇ ਸ਼ਾਂਤਮਈ ਸਥਾਨ 'ਤੇ ਗੁਰਦੁਆਰਾ ਭਜਨਗੜ੍ਹ ਸਾਹਿਬ ਬਣਵਾਇਆ। ਅਸਲ ਵਿਚ ਮਹਾਰਾਜਾ ਰਣਜੀਤ ਸਿੰਘ ਚਾਹੁੰਦੇ ਸਨ ਕਿ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਜਦੋਂ ਆਪਣੀ ਸੇਵਾ ਸਮਾਪਤ ਕਰ ਲੈਣ ਤਾਂ ਉਹ ਇਸ ਥਾਂ 'ਤੇ ਇਕਾਂਤ ਵਿਚ ਆ ਕੇ ਭਜਨ ਬੰਦਗੀ ਕਰ ਸਕਣ ਅਤੇ ਉਨ੍ਹਾਂ ਦੀ ਸ਼ਾਂਤੀ ਨੂੰ ਕੋਈ ਭੰਗ ਨਾ ਕਰ ਸਕੇ।
ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਸ ਵੇਲੇ ਵੱਡੀ  ਗਿਣਤੀ  ਵਿਚ ਸੈਨਿਕ ਅਤੇ ਮਜ਼ਦੂਰ ਪੰਜਾਬ ਤੋਂ ਇੱਥੇ ਆਏ ਸਨ, ਜਿਨ੍ਹਾਂ 'ਚੋਂ ਬਹੁਤ ਸਾਰੇ ਇਥੇ ਹੀ ਰਹਿ ਗਏ ਸਨ ਤੇ ਉਨ੍ਹਾਂ ਦੇ ਅੱਗੇ ਵਾਰਿਸ ਅਜੇ ਵੀ ਸ਼੍ਰੀ ਹਜ਼ੂਰ ਸਾਹਿਬ ਵਿਖੇ ਹੀ ਰਹਿ ਰਹੇ ਹਨ। ਇਸ ਸਥਾਨ 'ਤੇ ਕਿਉਂਕਿ ਜਥੇਦਾਰ ਸਾਹਿਬ ਭਜਨ ਬੰਦਗੀ ਕਰਿਆ ਕਰਦੇ ਸਨ ਇਸੇ ਲਈ ਇਸ ਅਸਥਾਨ ਨੂੰ ਭਜਨਗੜ੍ਹ ਸਾਹਿਬ ਕਿਹਾ ਜਾਂਦਾ ਹੈ। ਤਖਤ ਸਾਹਿਬ ਦੇ ਇਕ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਦਾ ਅੰਤਿਮ ਸੰਸਕਾਰ ਵੀ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਨੇੜੇ ਹੀ ਇਕ ਪਾਸੇ ਕੀਤਾ ਗਿਆ ਸੀ। ਉਨ੍ਹਾਂ ਦੀ ਯਾਦਗਾਰ ਵੀ ਇਥੇ ਬਣੀ ਹੋਈ ਹੈ। ਉਹ ਵੀ ਇਥੇ ਬਹੁਤ ਭਜਨ ਬੰਦਗੀ ਕਰਦੇ ਰਹੇ।

ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ ਜਦੋਂ ਫੌਜ ਦੀ ਨੌਕਰੀ ਛੱਡ ਕੇ ਦੇਹਰਾਦੂਨ ਤੋਂ ਪੈਦਲ  ਚੱਲ ਕੇ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ ਤਾਂ ਉਹ ਵੀ ਇਸ ਰਮਣੀਕ ਸਥਾਨ 'ਤੇ 1887 ਈਸਵੀ ਤੋਂ ਲੈ ਕੇ 1890 ਈਸਵੀ ਤੱਕ ਸਵਾ ਪਹਿਰ ਨਿਰੰਕਾਰ ਦੀ ਅਰਾਧਨਾ ਕਰਦੇ ਰਹੇ। ਉਸ ਵੇਲੇ ਤਖਤ ਸਾਹਿਬ ਦੇ ਜਥੇਦਾਰ ਭਾਈ ਨਾਨੂੰ ਸਿੰਘ ਜੀ ਸਨ। ਉਨ੍ਹਾਂ ਨੇ ਹੀ ਸੰਤਾਂ ਨੂੰ ਇਹ ਬੂੰਗਾ ਨਾਮ ਸਿਮਰਨ ਲਈ ਦੇ ਦਿੱਤਾ ਸੀ। ਸੰਤ ਬਾਬਾ ਅਤਰ ਸਿੰਘ ਜੀ ਇੰਨੇ ਨਾਮ ਦੇ ਰਸੀਏ ਸਨ ਕਿ ਉਨ੍ਹਾਂ ਨੇ ਸਵਾ ਲੱਖ ਜਪੁਜੀ ਸਾਹਿਬ ਦੇ ਪਾਠ ਕੀਤੇ ਅਤੇ ਜਦੋਂ ਅਕਾਲ ਪੁਰਖ ਦੀ ਖਿੱਚ ਪਈ ਤਾਂ 7 ਦਿਨ ਤੇ ਰਾਤ ਗੋਦਾਵਰੀ ਨਦੀ ਵਿਚ ਖੜ੍ਹੇ ਹੋ ਕੇ ਅਕਾਲ ਪੁਰਖ ਦਾ ਨਾਮ ਜਪਦੇ ਰਹੇ ਤੇ ਉਨ੍ਹਾਂ ਦੀ ਸਮਾਧੀ ਲੱਗ ਗਈ ਸੀ। ਕਿਹਾ ਜਾਂਦਾ ਹੈ ਕਿ ਇਥੇ ਹੀ ਜਦੋਂ ਸੰਤ ਜੀ ਕਠਿਨ ਤਪੱਸਿਆ ਕਰ ਰਹੇ ਸਨ ਤਾਂ ਆਪ ਜੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ ਅਤੇ ਹੁਕਮ ਕੀਤਾ ਕਿ ਪੰਜਾਬ ਦੀ ਧਰਤੀ 'ਤੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ ਅਤੇ ਸੰਗਤਾਂ ਨੂੰ ਅੰਮ੍ਰਿਤ ਛਕਾਓ। ਸੰਤਾਂ ਦਾ ਆਗਮਨ ਦਿਵਸ ਬਿਕ੍ਰਮੀ ਸੰਮਤ ਦੇ ਪਹਿਲੇ ਦਿਨ ਹੋਇਆ ਸੀ, ਜਿਸ ਕਰਕੇ ਇਸ ਤਪ ਅਸਥਾਨ ਦੀ ਸੇਵਾ ਬਿਕ੍ਰਮੀ ਸੰਮਤ 2056 ਨੂੰ  ਪਹਿਲੇ ਦਿਹਾੜੇ ਦੁਬਾਰਾ ਆਰੰਭ ਕੀਤੀ ਗਈ ਸੀ।
ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਜੋ ਕਿ ਤਖਤ ਸਾਹਿਬ ਦੇ ਜਥੇਦਾਰ ਰਹੇ ਹਨ, ਦਾ ਸਬੰਧ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਰਹਿਰਾਸੀਏ ਪਰਿਵਾਰ ਨਾਲ ਜੁੜ ਜਾਂਦਾ ਹੈ। ਆਪ ਜੀ ਦੇ ਵਡੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਜ਼ੂਰੀ ਵਿਚ ਰਹਿ ਕੇ ਰਹਿਰਾਸ ਸਾਹਿਬ ਦਾ ਪਾਠ ਸੰਗਤਾਂ ਨੂੰ ਸਰਵਣ ਕਰਵਾਉਂਦੇ ਸਨ, ਜਿਸ ਕਰਕੇ ਆਪ ਜੀ ਦੇ ਪਰਿਵਾਰ ਨੂੰ ਰਹਿਰਾਸੀਏ ਪਰਿਵਾਰ ਆਖਿਆ ਜਾਂਦਾ ਹੈ। ਗੁਰੂ ਜੀ ਦੇ ਇਸ ਰਹਿਰਾਸੀਏ ਸਿੰਘ ਦੀ ਅੱਠਵੀਂ ਪੀੜ੍ਹੀ ਵਿਚ ਬਾਬਾ ਜੋਗਿੰਦਰ ਸਿੰਘ ਮੋਨੀ ਦਾ ਜਨਮ ਹੋਇਆ ਸੀ, ਜਿਨ੍ਹਾਂ ਨੇ ਬਾਬਾ ਰਾਮ ਸਿੰਘ ਜੀ ਹੋਤੀਮਰਦਾਨ ਵਾਲਿਆਂ ਦੀ ਸੰਗਤ ਵਿਚ ਰਹਿ ਕੇ ਭਾਰੀ ਜਪ-ਤਪ ਕੀਤਾ। ਆਪ ਜੀ ਤਖਤ ਸਾਹਿਬ 'ਤੇ 10 ਸਾਲ ਰਹਿਰਾਸ ਸਾਹਿਬ ਦਾ ਪਾਠ ਕਰਦੇ ਰਹੇ, 15 ਸਾਲ ਮੀਤ ਜਥੇਦਾਰ ਵਜੋਂ ਅਤੇ 25 ਸਾਲ ਮੁੱਖ ਜਥੇਦਾਰ ਵਜੋਂ ਸੇਵਾ ਨਿਭਾਉਂਦੇ ਰਹੇ।
ਆਪ ਨੇ 40 ਸਾਲ ਨਿਰੰਤਰ ਮੌਨ ਧਾਰਨ ਕਰਕੇ ਰੱਖਿਆ ਅਤੇ ਪਰਮੇਸ਼ਰ ਦੀ ਭਗਤੀ ਕਰਦੇ ਰਹੇ। ਹਮੇਸ਼ਾ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਤੇ ਪ੍ਰਤੱਖ ਜਾਣ ਕੇ ਨਿਰਇੱਛਤ ਸੇਵਾ ਕਰਦੇ ਰਹੇ। 26 ਜੂਨ 1995 ਈਸਵੀ ਨੂੰ ਆਪ ਜੀ ਸੱਚਖੰਡ ਪਿਆਨਾ ਕਰ ਗਏ। ਆਪ ਨੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਇਸ ਅਸਥਾਨ ਦੇ ਹੇਠਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਪਰਲੀ ਮੰਜ਼ਿਲ 'ਤੇ ਕੀਤਾ ਜਾਵੇ। ਗੁਰਦੁਆਰਾ ਲੰਗਰ ਸਾਹਿਬ ਵਲੋਂ ਆਉਣ 'ਤੇ ਸੰਤਾਂ ਦੇ ਅੰਗੀਠੇ ਵਾਲੀ ਥਾਂ ਵੱਲ ਜਾਣ ਲਈ ਹੇਠਾਂ ਉਤਰਨਾ ਪੈਂਦਾ ਹੈ ਅਤੇ ਪਹਿਲੀ ਮੰਜ਼ਿਲ 'ਤੇ ਅਜੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਇਸ ਅਸਥਾਨ 'ਤੇ ਭਜਨ ਬੰਦਗੀ ਕਰਨ ਦਾ ਕਾਫੀ ਮਹਾਤਮ ਦੱਸਿਆ ਜਾਂਦਾ ਹੈ। ਨਾਂਦੇੜ ਦੇ ਸਿੱਖਾਂ ਦਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਸੰਤ ਮਹਾਂਪੁਰਸ਼ ਇਸ ਥਾਂ 'ਤੇ ਭਜਨ ਬੰਦਗੀ ਕਰਦੇ ਰਹੇ ਅਤੇ ਉਹ ਅਕਾਲ ਪੁਰਖ ਵਿਚ ਅਭੇਦ ਹੋ ਗਏ, ਇਸੇ ਤਰ੍ਹਾਂ ਬਾਕੀ ਸੰਗਤਾਂ ਵੀ ਜੇਕਰ ਇਥੇ ਭਜਨ ਬੰਦਗੀ ਤੇ ਜਪ-ਤਪ ਕਰਨ ਤਾਂ ਉਨ੍ਹਾਂ ਦਾ ਜੀਵਨ ਵੀ ਸਫਲ ਹੋ ਸਕਦਾ ਹੈ।
ਸੰਤ ਬਾਬਾ ਹਜ਼ੂਰਾ ਸਿੰਘ ਜੀ, ਬਾਬਾ ਜੋਗਿੰਦਰ ਸਿੰਘ ਮੋਨੀ ਦੇ ਨਾਲ ਸਹਿਯੋਗੀ ਵਜੋਂ ਤਖਤ ਸੱਚਖੰਡ ਸਾਹਿਬ ਦੇ ਸਿੰਘਾਸਨ ਦੀ ਸੇਵਾ ਕਰਦੇ ਰਹੇ। ਆਪ ਜੀ ਦੇ ਵਡੇਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਧੂਫ-ਬੱਤੀ ਦੀ ਸੇਵਾ ਕਰਿਆ ਕਰਦੇ ਸਨ। ਇਸ ਲਈ ਇਨ੍ਹਾਂ ਨੂੰ ਧੂਫੀਏ ਕਿਹਾ ਜਾਂਦਾ ਹੈ। ਸੰਤ ਬਾਬਾ ਜੋਗਿੰਦਰ ਸਿੰਘ ਮੋਨੀ ਦੇ ਸੇਵਾ-ਮੁਕਤ ਹੋਣ ਤੋਂ ਬਾਅਦ ਆਪ ਜੀ 16 ਸਾਲ ਜਥੇਦਾਰ ਵਜੋਂ ਸੇਵਾ ਨਿਭਾਉਂਦੇ ਰਹੇ ਅਤੇ 12 ਜਨਵਰੀ 2000 ਨੂੰ ਆਪ ਜੀ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਲਾਣਾ ਕਰ ਗਏ। ਬਾਬਾ ਜੀ ਦਾ ਅੰਤਿਮ ਸੰਸਕਾਰ ਵੀ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਇਕ ਕਿਨਾਰੇ 'ਤੇ ਕੀਤਾ ਗਿਆ, ਜਿਥੇ ਉਨ੍ਹਾਂ ਦੀ ਛੋਟੀ ਜਿਹੀ ਯਾਦਗਾਰ ਬਣਾਈ ਹੋਈ ਹੈ।