ਅੰਮ੍ਰਿਤਸਰ ਦੀ ਸਨਅਤੀ ਅਤੇ ਇਤਿਹਾਸਕ ਉਪ ਨਗਰੀ ਛੇਹਰਟਾ ਤੋਂ ਦੋ ਕਿਲੋਮੀਟਰ ਹਟਵਾਂ ਪਿੰਡ ਵਡਾਲੀ ਗੁਰੂ ਹੈ ਜਿਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ। ਵਡਾਲੀ ਗੁਰੂ ਦਾ ਪਹਿਲਾ ਨਾਂ ਵਡਾਲੀ ਨੱਤਾ ਸੀ, ਜਿਸ ''ਤੇ  ਨੱਤ ਬਰਾਦਰੀ ਦੇ ਜ਼ਿਮੀਂਦਾਰ ਕਾਬਜ਼ ਸਨ ਪਰ ਇਸ ਪਿੰਡ ਦੀ ਜ਼ਮੀਨ ਦੇ ਆਂਧੀ ਮਾਨ ਜਾਤੀ ਵਿਚ ਖਾਨ ਅਤੇ ਢੋਲ ਦੋ ਲੜਕੇ ਆਪਣੀ ਨਾਨਕੀ ਢੇਰੀ ਦੇ ਮਾਲਕ ਸਨ। ਮਾਲਵੇ ਦੇ ਪਿੰਡ ਮਾਨਾਂਵਾਲਾ ਦਾ ਖਾਨ ਅਤੇ ਢੋਲ ਦਾ ਪਿਤਾ ਇਥੇ ਕਬਜ਼ਾ ਲੈਣ ਆਇਆ ਪਰ ਨੱਤਾਂ ਨੇ ਉਸ ਦਾ ਕਤਲ ਕਰ ਦਿੱਤਾ। ਜਦੋਂ ਖਾਨ ਤੇ ਢੋਲ ਨੇ ਆ ਕੇ ਨੱਤਾ ਦੀ ਪੰਚਾਇਤ ਕੋਲ ਫਰਿਆਦ ਕੀਤੀ ਤਾਂ ਉਸ ਦੀ ਕਿਸੇ ਨਾ ਸੁਣੀ। ਖਾਨ ਤੇ ਢੋਲ ਦੀ ਮਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਪੇਸ਼ ਹੋ ਕੇ ਅਰਜ ਗੁਜ਼ਾਰੀ ਪਰ ਨੱਤਾਂ ਨੇ ਗੁਰੂ ਜੀ ਦੇ ਬਚਨਾਂ ਨੂੰ ਵੀ ਨਾ ਮੰਨਿਆ। ਇਸ ''ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਖਾਨ ਤੇ ਢੋਲ ਨੂੰ ਕਿਹਾ, ਜੇਕਰ ਇਹ ਇਸ ਤਰ੍ਹਾਂ ਕਬਜ਼ਾ ਨਹੀਂ ਦਿੰਦੇ ਤਾਂ ਜਿਵੇਂ ਜੱਟ ਕਬਜ਼ਾ ਲੈਂਦੇ ਨੇ ਲੈ ਲਓ। ਇਸ ''ਤੇ ਖਾਨ ਤੇ ਢੋਲ ਨੇ ਆਪਣੇ ਸ਼ਰੀਕੇ ਬਰਾਦਰੀ ਨਾਲ ਵਡਾਲੀ ਨੱਤਾ ''ਤੇ ਹਮਲਾ ਕਰਕੇ ਆਪਣੀ ਜ਼ਮੀਨ ਦਾ ਕਬਜ਼ਾ ਲੈ ਲਿਆ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਪਿੰਡ ਮੁੜ ਵਸਾਉਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ ਕਿ ਸਮਾਂ ਆਉਣ ''ਤੇ ਪਿੰਡ ਵਸਾਵਾਂਗੇ। ਜਦੋਂ ਬਾਬਾ ਬੁੱਢਾ ਜੀ ਵਲੋਂ ਦਿੱਤੇ ਸਰਾਪ ਕਿ ਗੁਰੂ ਕਿਆਂ ਨੂੰ ਕਿਧਰੋਂ ਭਾਜੜਾਂ ਪੈ ਗਈਆਂ, ਨੂੰ ਪੂਰਾ ਕਰਨ ਲਈ ਜਦੋਂ ਗੁਰੂ ਜੀ ਵਡਾਲੀ ਨੱਤਾ ਦੇ ਬਾਹਰ ਜੰਗਲ ਵਿਚ ਬੇਲਾ ਅਤੇ ਵਣ, ਜਿਥੇ ਹੁਣ ਗੁਰਦੁਆਰਾ ਛੇਹਰਟਾ ਸਾਹਿਬ ਹੈ, ਆਣ ਡੇਰੇ ਲਾਏ ਤਾਂ ਖਾਨ ਤੇ ਢੋਲ ਨੇ ਮੁੜ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਪਿੰਡ ਦੀ ਨੀਂਹ ਰੱਖਣ ਦੀ ਬੇਨਤੀ ਕੀਤੀ ਜੋ ਗੁਰੂ ਜੀ ਨੇ ਸਵੀਕਾਰ ਕਰਦਿਆਂ ਨਵੇਂ ਪਿੰਡ ਵਸਾਉਣ ਦਾ ਮੋਹੜਾ 1 ਅੱਸੂ 1651 ਬਿਕਰਮੀ ਨੂੰ ਗੱਡਿਆ ਅਤੇ ਇਸ ਪਿੰਡ ਦਾ ਨਾਂ ਸੰਗਤਾਂ ਨੇ ਵਡਾਲੀ ਗੁਰੂ ਰੱਖਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਇਸ ਨਗਰ ਵਿਖੇ ਹਾੜ ਵਦੀ ਏਕਮ ਸੰਮਤ 1652 ਨੂੰ ਹੋਇਆ।
ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਵਿਚ ਛੇਹਰਟਾ ਖੂਹ ਬਣਾਇਆ ਸੀ ਪਰ ਪੰਜ ਹਰਟ ਹੀ ਚੱਲੇ ਸਨ। ਛੇਵਾਂ ਹਰਟ ਜਵਾਨ ਅਵਸਥਾ ਵਿਚ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਲਾ ਕੇ ਵਿਹਲੇ ਹੋਏ ਤਾਂ ਵਡਾਲੀ ਗੁਰੂ ਦੀਆਂ ਸੰਗਤਾਂ ਨੇ ਆਣ ਕੇ ਬੇਨਤੀ ਕੀਤੀ ਕਿ ਸਾਡੇ ਨਗਰ ਇਕ ਬੜਾ ਵੱਡਾ ਸੂਰ ਰਹਿੰਦਾ ਹੈ ਅਤੇ ਸਾਡੀਆਂ ਫਸਲਾਂ ਦਾ ਬਹੁਤ ਨੁਕਸਾਨ ਕਰਦਾ ਹੈ। ਇਕੱਲੇ ਕਾਰੇ ਬੰਦੇ ਲਈ ਬਾਹਰ ਜਾਣਾ ਵੀ ਔਖਾ ਹੈ। ਕ੍ਰਿਪਾ ਕਰਕੇ ਇਸ ਸੂਰ ਦਾ ਸ਼ਿਕਾਰ ਕਰੋ। ਗੁਰੂ ਜੀ ਅਜੇ ਵਿਚਾਰ ਹੀ ਕਰ ਰਹੇ ਸਨ ਕਿ ਉਨ੍ਹਾਂ ਦਾ ਸੈਨਾਪਤੀ ਪੈਂਦੇ ਖਾਨ ਕਹਿਣ ਲੱਗਾ, ਗੁਰੂ ਜੀ ਮੈਨੂੰ ਸ਼ਿਕਾਰ ਖੇਡਣ ਦਾ ਢੰਗ ਜ਼ਿਆਦਾ ਹੈ। ਇਸ ਲਈ ਇਸ ਨੂੰ ਮੈਂ ਮਾਰਾਂਗਾ ਅਤੇ ਗੁਰੂ ਜੀ ਤੋਂ ਪਹਿਲਾਂ ਜਾ ਕੇ ਸ਼ਿਕਾਰ ਕਰਨ ਲੱਗਾ ਪਰ ਜਦੋਂ ਸੂਰ ਨੇ ਘੋੜੇ ਨੂੰ ਸਿੱਧੀ ਟੱਕਰ ਮਾਰ ਕੇ ਪੈਂਦੇ ਖਾਨ ਨੂੰ ਥੱਲੇ ਸੁੱਟ ਦਿੱਤਾ ਤਾਂ ਉਸ ਦਾ ਹੰਕਾਰ ਟੁੱਟ ਗਿਆ ਅਤੇ ਗੁਰੂ ਜੀ ਅੱਗੇ ਬਚਾਉਣ ਦੀ ਅਰਦਾਸ ਕਰਨ ਲੱਗਾ। ਜਦੋਂ ਗੁਰੂ ਜੀ ਆਏ ਤਾਂ ਸੂਰ ਗੁਰੂ ਜੀ ਅੱਗੇ ਨਿਉਂ ਕੇ ਖਲੋ ਗਿਆ ਤੇ ਗੁਰੂ ਜੀ ਨੇ ਸੂਰ ਦੇ ਦੋ ਡੱਕਰੇ ਕਰ ਦਿੱਤੇ ਅਤੇ ਆਪਣਾ ਕਮਰਕੱਸਾ ਖੋਲ੍ਹ ਕੇ ਇਥੇ ਦਮ ਲਿਆ। ਇਸੇ ਕਰਕੇ ਇਸ ਅਸਥਾਨ ਨੂੰ ਦਮਦਮਾ ਸਾਹਿਬ ਦੇ ਨਾਂ ਨਾਲ ਸਤਿਕਾਰਿਆ ਜਾਂਦਾ ਹੈ। ਇਸ ਸੂਰ ਵਿਚ ਉਸ ਸਿੱਖ ਦੀ ਆਤਮਾ ਸੀ, ਜਿਸ ਨੂੰ  ਬਾਬਾ ਬੁੱਢਾ ਜੀ ਨੇ ਪੁੱਤਰ ਦੀ ਦਾਤ ਦਾ ਵਰ ਪ੍ਰਾਪਤ ਕਰਨ ਲਈ ਮਾਤਾ ਗੰਗਾ ਨੂੰ ਸਰਾਪ ਦੇਣ ਸਮੇਂ ਬਾਬਾ ਬੁੱਢਾ ਜੀ ਨੇ ਕਿਹਾ ਸੀ ਅਸੀਂ ਜਾਣੀਏ ਤੇ ਗੁਰੂ ਕੇ ਜਾਣਨ, ਤੂੰ ਵਿਚ ਕੀ ਸੂਰ ਵਾਂਗ ਘੁਰ-ਘੁਰ ਕਰਦਾ ਏਂ।
ਗੁਰਦੁਆਰਾ ਸ਼ਹੀਦ : ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਵਡਾਲੀ ਗੁਰੂ ਰਹਿੰਦਿਆਂ 3 ਸਾਲ ਹੋ ਗਏ ਤਾਂ ਅੰਮ੍ਰਿਤਸਰ ਦੀਆਂ ਸੰਗਤਾਂ ਨੇ ਗੁਰੂ ਜੀ ਨੂੰ ਅੰਮ੍ਰਿਤਸਰ ਚੱਲਣ ਦੀ ਬੇਨਤੀ ਕੀਤੀ। ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਚੱਲਣ ਲੱਗੇ ਤਾਂ ਭਾਈ ਮੋਹਰੀ ਜੀ ਨੇ ਬੇਨਤੀ ਕੀਤੀ ਕਿ ਵਡਾਲੀ ਗੁਰੂ ਪਿੰਡ ਨੂੰ ਤਿਆਰ ਕਰਾਉਣ ਲਈ ਜੋ ਆਵਾ ਤਿਆਰ ਕਰਵਾਇਆ ਸੀ, ਉਸ ਦੀਆਂ  ਅੱਧੀਆਂ ਇੱਟਾਂ ਬਚੀਆਂ ਪਈਆਂ ਹਨ। ਪ੍ਰਿਥਵੀ ਰਾਜ ਮੁਗਲਾਂ ਨਾਲ ਮਿਲ ਚੁੱਕਾ ਹੈ, ਅਜਿਹਾ ਨਾ ਹੋਵੇ ਕਿ ਮੁਗਲ ਸਾਡੇ ਆਵੇ ਅਤੇ ਇੱਟਾਂ ਨੂੰ ਨੁਕਸਾਨ ਪਹੁੰਚਾਉਣ। ਗੁਰੂ ਜੀ ਨੇ ਇਕ ਬੇਰੀ ਦੀ ਮੋਹੜੀ ਗੱਡ ਦਿੱਤੀ ਅਤੇ ਕਿਹਾ ਅੱਜ ਤੋਂ ਇਥੇ ਸਾਡੇ ਸ਼ਹੀਦ ਰੱਖਿਆ ਕਰਨਗੇ ਅਤੇ ਇੱਟਾਂ ਬਣ-ਬਣ ਕੇ ਜਿਹੜਾ ਟੋਇਆ ਹੈ। ਇਸ ਵਿਚ ਸੋਕੜੇ ਵਾਲੀ ਬੀਮਾਰੀ ਦੇ ਬੱਚਿਆਂ ਨੂੰ ਐਤਵਾਰ ਇਸ਼ਨਾਨ ਕਰਾਉਣ ਨਾਲ ਸੋਕੜੇ ਤੋਂ ਆਰਾਮ ਆਇਆ ਕਰੇਗਾ। ਗੁਰੂ ਜੀ ਪਾਸ ਬਾਬਾ ਸਿੱਧ ਰਹਿੰਦਾ ਸੀ। ਉਸ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਵਰ ਦਿੱਤਾ ਕਿ ਤੁਹਾਡੇ ਅਤੇ ਤੁਹਾਡੀ ਨਸਲ ਵਿਚੋਂ ਕੋਹੜਿਆਂ ਦੇ ਕੋਹੜ ਠੀਕ ਕਰਨਗੇ। ਬਾਬਾ ਜੀ ਪਾਸੋਂ ਕੋਈ ਘਾਟ ਰਹਿ ਗਈ ਤਾਂ ਗੁਰੂ ਜੀ ਕਹਿਣ ਲੱਗੇ ਹੁਣ ਕੋਹੜ ਤਾਂ ਨਹੀਂ ਚੰਬਲ ਰਾਜ਼ੀ ਹੋਇਆ ਕਰੇਗੀ। ਅਜੇ ਤਕ ਵੀ ਵਡਾਲੀ ਗੁਰੂ ਵਿਖੇ ਹਰ ਐਤਵਾਰ ਚੰਬਲ ਦੀ ਬੀਮਾਰੀ ਦਾ ਇਲਾਜ ਚੰਬਲ ਨਾਂ ਦੀ ਪੱਤੀ ਦੇ ਕਿਸੇ ਵਿਅਕਤੀ ਪਾਸੋਂ ਚੰਬਲ ਵਾਲੀ ਜਗ੍ਹਾ ''ਤੇ ਰਾਖ ਭਾਵ ਸੁਆਹ ਲੈ ਕੇ ਲਾਈ ਜਾਵੇ ਤਾਂ ਆਰਾਮ ਆ ਜਾਂਦਾ ਹੈ।