ਸਾਡੇ ਮਹਾਨ ਗੁਰੂਆਂ ਨੇ ਜਿਥੇ ਕਿਤੇ ਵੀ ਆਪਣੇ ਪਵਿੱਤਰ ਚਰਨ ਪਾਏ, ਉਹੀ ਜਗ੍ਹਾ ਪੂਜਣਯੋਗ ਬਣ ਗਈ। ਉਂਝ ਵੀ ਵਿਦਵਾਨ ਕਹਿੰਦੇ ਹਨ ਕਿ ਆਪਣੇ ਗੁਰੂਆਂ, ਪੀਰਾਂ ਤੇ ਸ਼ਹੀਦਾਂ ਦੇ ਇਤਿਹਾਸ ਨੂੰ ਸਹੀ ਰੂਪ ਵਿਚ ਸੰਭਾਲਣਾ ਅਤੇ ਨਵੀਂ ਪੀੜ੍ਹੀ ਨੂੰ ਉਸ ਬਾਰੇ ਜਾਣਕਾਰੀ ਦੇਣਾ ਹਰ ਜਾਗਦੀ ਜ਼ਮੀਰ ਵਾਲੀ ਕੌਮ ਦਾ ਮੁੱਢਲਾ ਫਰਜ਼ ਹੁੰਦਾ ਹੈ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਸਮਾਦੀ ਪਲਾਂ ਨਾਲ ਇਕ ਅਲੌਕਿਕ ਇਤਿਹਾਸ ਦੀ ਸਿਰਜਣਾ ਕੀਤੀ ਹੈ। ਇਸੇ ਅਲੌਕਿਕ ਇਤਿਹਾਸ ਦਾ ਇਕ ਸੁਨਹਿਰੀ ਪੰਨਾ ਗੁੱਜਰਵਾਲ ਦੀ ਧਰਤੀ ''ਤੇ ਸਿਰਜਿਆ ਗਿਆ, ਜਿਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ 6 ਮਹੀਨੇ ਤੋਂ ਜ਼ਿਆਦਾ ਸਮਾਂ  ਰਹਿ ਕੇ ਇਲਾਕੇ ਦੀਆਂ ਸੰਗਤਾਂ ਨੂੰ ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ ਦਾ ਉਪਦੇਸ਼ ਦਿੱਤਾ ਸੀ।
ਇਸ ਅਸਥਾਨ ''ਤੇ ਅੱਜ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਦੀ ਸੁੰਦਰ ਤੇ ਵਿਸ਼ਾਲ ਇਮਾਰਤ ਸੁਸ਼ੋਭਿਤ ਹੈ। ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਦੇ ਇਤਿਹਾਸ ਬਾਰੇ ਛਪੇ ਗ੍ਰੰਥਾਂ ਤੋਂ ਮਿਲੇ ਵੇਰਵਿਆਂ ਤੋਂ ਜੋ ਤੱਥ ਸਾਹਮਣੇ ਆਉਂਦੇ ਹਨ, ਉਨ੍ਹਾਂ ਅਨੁਸਾਰ ਜਦੋਂ ਪਿੰਡ ਤੋਂ ਬਾਹਰਵਾਰ ਪੁਰਾਣੀ ਢਾਬ ''ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ 2200 ਤੋਂ ਵੱਧ ਫ਼ੌਜੀ ਸਿਪਾਹੀਆਂ ਸਮੇਤ ਚੌਧਰੀ ਫਤੂਹੀ ਦੇ ਇਲਾਕੇ ਵਿਚ ਠਹਿਰਨਾ ਕੀਤਾ ਤਾਂ ਸਭਨੀਂ ਪਾਸੇ ਰੌਣਕਾਂ ਲੱਗ ਗਈਆਂ। ਸੰਗਤਾਂ ਦੂਰੋਂ-ਦੂਰੋਂ ਗੁਰੂ ਜੀ ਦੇ ਦਰਸ਼ਨ ਕਰਨ ਤੇ ਉਪਦੇਸ਼ ਸੁਣਨ ਲਈ ਆਉਣ ਲੱਗੀਆਂ।
ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਦੇ ਤਲਾਬ ਵਾਲੇ ਅਸਥਾਨ ''ਤੇ ਪੁਰਾਣੀ ਢਾਬ ਹੁੰਦੀ ਸੀ, ਜਿਸ ਦੇ ਕੰਢੇ ਗੁਰੂ ਸਾਹਿਬ ਉਤਰੇ ਸਨ। ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਵਿਖੇ ਹਰੇਕ ਮੱਸਿਆ ਤੇ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ, ਜਦਕਿ ਇਸ ਅਸਥਾਨ ਦਾ ਮੁੱਖ ਸਮਾਗਮ ਚੇਤਰ ਚੌਦੇ ਦੀ ਮੱਸਿਆ ਨੂੰ ਲੱਗਣ ਵਾਲਾ ਸਾਲਾਨਾ ਜੋੜ ਮੇਲਾ ਹੁੰਦਾ ਹੈ। ਇਸ ਤਿੰਨ ਰੋਜ਼ਾ ਸਾਲਾਨਾ ਸਮਾਗਮ ਦੌਰਾਨ ਪਹਿਲੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਆਰੰਭ ਕੀਤੀਆਂ ਖੇਡਾਂ ਭਲਵਾਨਾਂ ਦੇ ਘੋਲ ਕਰਵਾਏ ਜਾਂਦੇ ਹਨ, ਜਦਕਿ ਦੂਜੇ-ਤੀਜੇ ਦਿਨ ਮਹਾਨ ਰਾਗੀ-ਢਾਡੀ ਦਰਬਾਰ ਸਜਦਾ ਹੈ, ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ ਤੇ ਢਾਡੀ ਜਥੇ ਗੁਰੂਘਰ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ।
ਸ਼੍ਰੋਮਣੀ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਗਰਚਾ ਗੁ. ਸਾਹਿਬ ਦੀਆਂ ਬਿਲਡਿੰਗਾਂ ਦੀ ਸ਼ਾਨ ਵਧਾਉਣ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਾਉਣ ਲਈ ਹਰ ਸਮੇਂ ਤੱਤਪਰ ਰਹਿੰਦੇ ਹਨ, ਜਦਕਿ ਇਸ ਅਸਥਾਨ ਦੇ ਮੈਨੇਜਰ ਕਮਲਜੀਤ ਸਿੰਘ ਡੇਹਲੋਂ ਅਤੇ ਗੁਰਜੀਤ ਸਿੰਘ ਰਾਜੇਵਾਲ ਐਡੀ. ਮੈਨੇਜਰ ਤੇ ਲੋਕਲ ਕਮੇਟੀ ਪ੍ਰਧਾਨ ਜਥੇਦਾਰ ਭਾਗ ਸਿੰਘ, ਹਰਮੇਲ ਸਿੰਘ ਘੁੰਗਰਾਣਾ ਤੇ ਸੁਖਦੇਵ ਸਿੰਘ ਮਾਜਰੀ ਨੇ ਗੁ. ਸਾਹਿਬ ਦਾ ਆਲਾ-ਦੁਆਲਾ ਸੁੰਦਰ ਤੇ ਰਮਣੀਕ ਬਣਾਉਣ, ਸੰਗਤਾਂ ਦੀ ਸਹੂਲਤ ਲਈ ਕਲੋਜ਼ ਸਰਕਟ ਕੈਮਰੇ ਲਗਾਉਣ, ਖੁੱਲ੍ਹੀਆਂ-ਡੁੱਲ੍ਹੀਆਂ ਹਰਿਆਵਲ ਭਰੀਆਂ ਪਾਰਕਾਂ ਬਣਾਉਣ, ਸੁੰਦਰ ਸਰੋਵਰ ਦਾ ਨਿਰਮਾਣ ਕਰਵਾਉਣ, ਲੰਗਰ ਸ਼ੈੱਡ ਤੋਂ ਇਲਾਵਾ ਦਰਬਾਰ ਸਾਹਿਬ ਨੂੰ ਫੁੱਲ ਏ. ਸੀ. ਬਣਾਉਣ ਸਮੇਤ ਅਨੇਕਾਂ ਸੁਧਾਰ ਕੀਤੇ ਹਨ।