ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਦੀ ਜੰਗ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵਿਚ ਦੀ ਹੁੰਦੇ ਹੋਏ ਉੱਚ ਦੇ ਪੀਰ ਬਣ ਕੇ ਆਲਮਗੀਰ, ਲੱਲੀ, ਕਟਾਣੀ, ਕਨੇਚ, ਮੋਹੀ ਆਦਿ ਪਿੰਡਾਂ ਵਿਚ ਦੀ ਹੁੰਦੇ ਹੋਏ ਪਿੰਡ ਹੇਰਾਂ ਪਹੁੰਚੇ। ਹੇਰਾਂ ਡੇਰੇ ਦੇ ਮਹੰਤ ਕ੍ਰਿਪਾਲ ਦਾਸ ਨੇ ਗੁਰੂ ਜੀ ਨੂੰ ਡੇਰੇ ਵਿਚ ਰੱਖਣ ਤੋਂ ਇਨਕਾਰ ਕਰ ਦਿੱਤਾ ਅਤੇ ਗੁਰੂ ਜੀ ਨੂੰ ਇਥੋਂ ਨੇੜਲੇ ਪਿੰਡ ਜਾਣ ਦੀ ਸਲਾਹ ਦਿੱਤੀ। ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੇਰਾਂ ਤੋਂ ਸੀਲੋਆਣੀ, ਰਾਏਕੋਟ ਹੁੰਦੇ ਹੋਏ ਲੰਮਾ (ਜਿਸ ਨੂੰ ਇਤਿਹਾਸ ਵਿਚ ਲੰਮਾ-ਜੱਟਪੁਰਾ ਵੀ ਕਿਹਾ ਜਾਂਦਾ ਹੈ) ਪੁੱਜੇ, ਉਸ ਦਿਨ 15 ਪੋਹ ਸੀ। ਇਸ ਨਗਰ ਵਿਚ ਗੁਰੂ ਜੀ 21 ਦਿਨ ਬਿਰਾਜਮਾਨ ਰਹੇ। ਗੁਰੂ ਜੀ ਦੀ ਪਿੰਡ ਵਾਸੀਆਂ ਨੇ ਬਹੁਤ ਸੇਵਾ ਕੀਤੀ। ਜਦੋਂ ਰਾਏਕੋਟ ਦੇ ਨਵਾਬ ਰਾਇ ਕੱਲੇ ਨੂੰ ਗੁਰੂ ਜੀ ਦੇ ਨੇੜਲੇ ਪਿੰਡ ਲੰਮਾ-ਜੱਟਪੁਰਾ ਵਿਚ ਪਹੁੰਚਣ ਬਾਰੇ ਪਤਾ ਲੱਗਾ ਤਾਂ ਰਾਇ ਕੱਲਾ ਪਰਿਵਾਰ ਸਮੇਤ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ। ਰਾਇ ਕੱਲੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਕੋਈ ਸੇਵਾ ਬਖਸ਼ੋ ਤਾਂ ਗੁਰੂ ਜੀ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਸਾਡੇ 2 ਸਾਹਿਬਜ਼ਾਦੇ ਅਤੇ ਬਿਰਧ ਮਾਤਾ ਗੁਜਰੀ ਜੀ ਸਰਹਿੰਦ ਵਿਖੇ ਗ੍ਰਿਫਤਾਰ ਕੀਤੇ ਗਏ ਹਨ। ਸਾਨੂੰ ਉਨ੍ਹਾਂ ਦੀ ਖਬਰ ਮੰਗਵਾ ਕੇ ਦਿਓ ਤਾਂ ਰਾਇ ਕੱਲਾ ਨੇ ਆਪਣੇ ਨਿਜੀ ਨੌਕਰ ਨੂਰਾਮਾਹੀ ਨੂੰ ਖਬਰ ਲੈਣ ਘੱਲਿਆ। ਜਦੋਂ ਨੂਰਾਮਾਹੀ ਖਬਰ ਲੈ ਕੇ ਸਰਹਿੰਦ ਤੋਂ ਵਾਪਸ ਆਇਆ ਤਾਂ ਗੁਰੂ ਜੀ ਬੀਰ ਆਸਣ ਲਗਾਈ ਬੈਠੇ ਸਨ। ਨੂਰੇਮਾਹੀ ਨੇ ਭਰੇ ਮਨ ਨਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਖਬਰ ਸੁਣਾਈ। ਗੁਰੂ ਜੀ ਖਬਰ ਸੁਣ ਰਹੇ ਸਨ ਅਤੇ ਨਾਲ ਹੀ ਤੀਰ ਦੀ ਨੋਕਰ ਨਾਲ ਕਾਹੀ ਦਾ ਬੂਟਾ ਪੁੱਟ ਰਹੇ ਸਨ। ਖਬਰ ਸੁਣ ਕੇ ਗੁਰੂ ਜੀ ਨੇ ਕਾਹੀ ਦਾ ਬੂਟਾ ਪੁੱਟ ਕੇ ਵਚਨ ਕੀਤਾ ਕਿ ਹੁਣ ਤੁਰਕ ਰਾਜ ਦੀ ਜੜ੍ਹ ਪੁੱਟੀ ਗਈ ਹੈ ਤਾਂ ਰਾਇ ਕੱਲਾ ਗਲ ਵਿਚ ਪੱਲੂ ਪਾ ਕੇ ਅਰਜ਼ ਕਰਨ ਲੱਗਾ ਕਿ ਗੁਰੂ ਜੀ ਮੈਂ ਵੀ ਤੁਰਕ ਜਾਤੀ ਵਿਚੋਂ ਹਾਂ ਪਰ ਗੁਰੂ ਘਰ ਦਾ ਸੱਚਾ ਸ਼ਰਧਾਲੂ ਹਾਂ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਖਸ਼ੋ। ਗੁਰੂ ਜੀ ਨੇ ਰਾਇ ਕੱਲੇ ਤੋਂ ਪ੍ਰਸੰਨ ਹੋ ਕੇ ਤਲਵਾਰ, ਰੈਹਲ ਅਤੇ ਗੰਗਾਸਾਗਰ ਦੀ ਬਖਸ਼ਿਸ਼ ਕੀਤੀ। ਖਾਨ ਮਾਲੇਰਕੋਟਲਾ ਨੂੰ ਹਾਅ ਦਾ ਨਾਅਰਾ ਮਾਰਨ ਬਦਲੇ ਗੁਰੂ ਜੀ ਨੇ ਗੱਦੀ ਸਦਾ ਕਾਇਮ ਰਹਿਣ ਦਾ ਵਰ ਦਿੱਤਾ। ਪਿੰਡ ਲੰਮਾ-ਜੱਟਪੁਰਾ ਵਿਚ ਗੁਰੂ ਜੀ ਦੀ ਯਾਦ ਵਿਚ ਦੋ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਦਿਨ ਦੇ ਵਕਤ ਗੁਰੂ ਜੀ ਪਿੰਡ ਤੋਂ ਬਾਹਰ ਇਕ ਢਾਬ ਕਿਨਾਰੇ ਦੀਵਾਨ ਸਜਾਉਂਦੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ, ਜਿਸ ਥਾਂ ਅੱਜਕਲ ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਸੁਸ਼ੋਭਿਤ ਹੈ। ਢਾਬ ਵਿਚ ਗੁਰੂ ਜੀ ਨੇ ਮਾਘੀ ਵਾਲੇ ਦਿਨ ਪੰਜ ਬੁੱਕ ਗਾਰ ਕੱਢ ਕੇ ਸਰੋਵਰ ਹੋਣ ਦਾ ਵਰ ਦਿੱਤਾ, ਜਿਥੇ ਅੱਜਕਲ ਸਰੋਵਰ ਪੰਜੂਆਣਾ ਸਾਹਿਬ ਬਣਿਆ ਹੋਇਆ ਹੈ ਅਤੇ ਇਸ ਦੇ ਨੇੜੇ ਹੀ ਪਿੰਡ ਵਿਚ ਗੁਰਦੁਆਰਾ ਛੋਟਾ ਦਮਦਮਾ ਸਾਹਿਬ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਲਬੀਰ ਸਿੰਘ ਜੀ ਲੰਮੇ-ਜੱਟਪੁਰੇ ਵਾਲੇ ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਕਰਵਾ ਰਹੇ ਹਨ।