ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਨਵਰ ਗਰੇਵਾਲ ਤੇ ਹਰਫ ਚੀਮਾ ਜਿਥੇ ਕਿਸਾਨੀ ਅੰਦੋਲਨ ਨਾਲ ਪਹਿਲੇ ਦਿਨ ਤੋਂ ਡਟੇ ਹੋਏ ਹਨ, ਉਥੇ ਆਪਣੇ ਗੀਤਾਂ ਨਾਲ ਵੀ ਸਮੇਂ-ਸਮੇਂ ’ਤੇ ਉਹ ਕਿਸਾਨਾਂ ਦਾ ਹੌਸਲਾ ਵਧਾਉਂਦੇ ਰਹਿੰਦੇ ਹਨ ਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਦੇ ਹਨ। ਹਾਲ ਹੀ ’ਚ ਕਿਸਾਨਾਂ ਦਾ ਹੌਸਲਾ ਵਧਾਉਂਦਾ ਅਜਿਹਾ ਹੀ ਇਕ ਗੀਤ ਕਨਵਰ ਗਰੇਵਾਲ ਤੇ ਹਰਫ ਚੀਮਾ ਵਲੋਂ ਰਿਲੀਜ਼ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਐਪਲ ਇਵੈਂਟ ’ਚ ਪਹਿਲੀ ਵਾਰ ਕਿਸੇ ਸਿੱਖ ਦੀ ਹੋਈ ਐਂਟਰੀ, ਦੇਖ ਗਾਇਕ ਫਤਿਹ ਸਿੰਘ ਨੇ ਕੀਤਾ ਇਹ ਟਵੀਟ

ਇਸ ਗੀਤ ਦਾ ਨਾਂ ਹੈ ‘ਮਿੱਟੀ’, ਜਿਸ ਨੂੰ ਆਵਾਜ਼ ਹਰਫ ਚੀਮਾ ਤੇ ਕਨਵਰ ਗਰੇਵਾਲ ਨੇ ਦਿੱਤੀ ਹੈ। ਗੀਤ ਦੇ ਬੋਲ ਕਿਸਾਨਾਂ ’ਚ ਜੋਸ਼ ਭਰਨ ਵਾਲੇ ਹਨ, ਜਿਨ੍ਹਾਂ ਨੂੰ ਕਲਮਬੱਧ ਹਰਫ ਚੀਮਾ ਵਲੋਂ ਕੀਤਾ ਗਿਆ ਹੈ। ਗੀਤ ਨੂੰ ਸੰਗੀਤ ਭਾਈ ਮੰਨਾ ਸਿੰਘ ਨੇ ਦਿੱਤਾ ਹੈ ਤੇ ਗੀਤ ਯੂਟਿਊਬ ’ਤੇ ਹਰਫ ਚੀਮਾ ਦੇ ਚੈਨਲ ਹੇਠ ਰਿਲੀਜ਼ ਹੋਇਆ ਹੈ।

ਖ਼ਬਰ ਲਿਖੇ ਜਾਣ ਤਕ ਗੀਤ ਨੂੰ ਯੂਟਿਊਬ ’ਤੇ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ। ਗੀਤ ਹੇਠਾਂ ਜਿੰਨੇ ਵੀ ਕੁਮੈਂਟਸ ਆ ਰਹੇ ਹਨ, ਉਨ੍ਹਾਂ ਸਭ ’ਚ ਲੋਕ ਕਨਵਰ ਗਰੇਵਾਲ ਤੇ ਹਰਫ ਚੀਮਾ ਨੂੰ ਪਿਆਰ ਦੇ ਰਹੇ ਹਨ।

ਦੱਸਣਯੋਗ ਹੈ ਕਿ ਕਨਵਰ ਗਰੇਵਾਲ ਤੇ ਹਰਫ ਚੀਮਾ ਵਲੋਂ ਇਸ ਤੋਂ ਪਹਿਲਾਂ ‘ਪਾਤਸ਼ਾਹ’, ‘ਪੇਚਾ’, ‘ਬੱਲੇ ਸ਼ੇਰਾ’, ‘ਜਵਾਨੀ ਜ਼ਿੰਦਾਬਾਦ’, ‘ਜਿੱਤੂਗਾ ਪੰਜਾਬ’ ਤੇ ‘ਇਤਿਹਾਸ’ ਵਰਗੇ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ। ਇਨ੍ਹਾਂ ਗੀਤਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਕਨਵਰ ਤੇ ਹਰਫ ਵਲੋਂ ਇਕੱਠਿਆਂ ਗਾਏ ਗੀਤ ‘ਪੇਚਾ’ ਨੂੰ ਯੂਟਿਊਬ ’ਤੇ ਸਭ ਤੋਂ ਵੱਧ ਵਿਊਜ਼ ਮਿਲੇ ਹਨ, ਜਿਸ ਨੂੰ ਹੁਣ ਤਕ 12 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਕਨਵਰ ਗਰੇਵਾਲ ਤੇ ਹਰਫ ਚੀਮਾ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।